ਗੁਰਦਾਸਪੁਰ, 18 ਜੁਲਾਈ (ਚੱਕਰਾਜਾ)-ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਹੋਏ ਹੰਗਾਮੇ ਸਮੇਂ ਵਰਕਰਾਂ ਵਲੋਂ ਇਕ ਦੂਜੇ ਦੀਆਂ ਪੱਗਾਂ ਲਾਹੁਣ ਦੀ ਘਟਨਾ ਸਬੰਧੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਐਡਵੋਕੇਟ ਅਜੇਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਘਟਨਾ ਬੇਹੱਦ ਨਿੰਦਣਯੋਗ ਹੈ, ਸਾਨੂੰ ਰਾਜਨੀਤਿਕ ਪਾਰਟੀਆਂ ਦੇ ਪਿੱਛੇ ਲੱਗ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਕਦੇ ਵੀ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੋ ਲੀਡਰ ਸਮਾਜ ਨੂੰ ਸਹੀ ਸੇਧ ਦੇਣ ਦੀ ਬਜਾਏ ਇਕ ਦੂਜੇ ਦੀ ਪੱਗ ਲਾਹੁਣ ਤੱਕ ਪਹੁੰਚ ਜਾਣ, ਉਹ ਸਮਾਜ ਦੀ ਅਗਵਾਈ ਕਿਵੇਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤਾ ਮਤਭੇਦ ਹੋਣਾ ਸੁਭਾਵਿਕ ਹੈ ਅਤੇ ਲੋਕਤੰਤਰ ਵਿਚ ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਹੱਕ ਹੈ। ਪਰ ਮਤਭੇਦਾਂ ਨੂੰ ਨਿੱਜੀ ਅਪਮਾਨ ਜਾਂ ਇਕ ਦੂਜੇ ਦੀ ਪੱਗ ਲਾਹੁਣ ਤੱਕ ਲੈ ਜਾਣਾ ਗਲਤ ਹੈ, ਕਿਉਂਕਿ ਅਜਿਹੇ ਕਦਮ ਨਾ ਸਿਰਫ ਆਪਸੀ ਸਤਿਕਾਰ ਨੂੰ ਠੇਸ ਪਹੁੰਚਾਉਂਦੇ ਹਨ, ਸਗੋਂ ਸਮਾਜ ਲਈ ਵੀ ਇਕ ਮਾੜੀ ਮਿਸਾਲ ਬਣਦੇ ਹਨ।