ਕਲਾਨੌਰ, 18, ਜੁਲਾਈ (ਪੁਰੇਵਾਲ)-ਪੰਜਾਬ ਕਿਸਾਨ ਯੂਨੀਅਨ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਸਕੱਤਰ ਅਸ਼ਵਨੀ ਕੁਮਾਰ ਲੱਖਣ ਕਲਾਂ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਿਵ ਮੰਦਿਰ ਪਾਰਕ ਵਿਖੇ ਹੋਈ। ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਦੀਪ ਸਿੰਘ ਕਾਮਲਪੁਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਤਹਿ ਕੀਤੇ ਪ੍ਰੋਗਰਾਮ ਮੁਤਾਬਿਕ 22 ਜੁਲਾਈ ਨੂੰ ਗੁਰਦਾਸਪੁਰ-ਪਠਾਨਕੋਟ ਰੋਡ ’ਤੇ ਸਥਿਤ ਲਦਪਾਲਵਾਂ ਟੋਲ ਪਲਾਜ਼ੇ ਨੂੰ 11 ਵਜੇ ਤੋਂ ਲੈਕੇ 2 ਵਜੇ ਤੱਕ ਬੰਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਕੇਤਕ ਧਰਨਾ ਇਸ ਲਈ ਦਿੱਤਾ ਜਾ ਰਿਹਾ ਹੈ, ਕਿਉਂਕਿ ਭਾਰਤ ਸਰਕਾਰ ਅਮਰੀਕਾ ਨਾਲ ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਸਬੰਧੀ ਸਮਝੌਤਾ ਕਰਨ ਜਾ ਰਹੀ ਹੈ, ਜਿਸ ਨਾਲ ਭਾਰਤ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਣਕਿਆਸਿਆ ਨੁਕਸਾਨ ਹੋਵੇਗਾ। ਜਿੱਥੇ ਕਿਸਾਨੀ ਤਬਾਹ ਹੋਵੇਗੀ ਉਥੇ ਨਾਲ ਹੀ ਡੇਅਰੀ ਫਾਰਮਿੰਗ, ਪੋਲਟਰੀ ਫਾਰਮ, ਮੱਛੀ ਪਾਲਣ ਦਾ ਕਿੱਤਾ ਵੀ ਪ੍ਰਭਾਵਿਤ ਹੋਵੇਗਾ। ਮੀਟਿੰਗ ’ਚ ਫ਼ੈਸਲਾ ਕੀਤਾ ਗਿਆ ਕਿ ਜਿਸ ਦਿਨ ਵੀ ਭਾਰਤ ਅਮਰੀਕਾ ਦਰਮਿਆਨ ਖੇਤੀਬਾੜੀ ਸਬੰਧੀ ਸਮਝੌਤਾ ਸਿਰੇ ਚੜ੍ਹਦਾ ਹੈ ਉਸ ਤੋਂ ਅਗਲੇ ਦਿਨ ਹੀ ਸੰਯੁਕਤ ਕਿਸਾਨ ਮੋਰਚੇ ਵਲੋਂ ਜੋ ਵੀ ਸੰਘਰਸ਼ ਲਈ ਫ਼ੈਸਲਾ ਲਿਆ ਜਾਵੇਗਾ, ਉਸ ’ਤੇ ਅਮਲ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ’ਚ ਆਗੂਆਂ ਨੇ ਕਿਸਾਨਾਂ ਨੂੰ ਪਿੰਡ ਪੱਧਰ ’ਤੇ ਮੀਟਿੰਗਾਂ ਕਰਾਉਣ ਅਤੇ ਉਨ੍ਹਾਂ ਨੂੰ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਅਹਿਦ ਕੀਤਾ ਗਿਆ। ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਦਾ ਵੀ ਵਿਰੋਧ ਕੀਤਾ ਗਿਆ। ਇਸ ਮੌਕੇ ਜਰਨੈਲ ਸਿੰਘ ਸਪਰਾਵਾਂ, ਜਗਜੀਤ ਸਿੰਘ ਸੇਖਕਬੀਰ, ਸਰਦੂਲ ਸਿੰਘ ਚਿੱਕੜੀ, ਕੁਲਵੰਤ ਸਿੰਘ ਰਾਮਦਿਵਾਲੀ, ਮਨਜੀਤ ਸਿੰਘ, ਹਰਦੀਪ ਸਿੰਘ ਰਾਮਦਿਵਾਲੀ, ਸੁਰਜੀਤ ਸਿੰਘ, ਲਖਵਿੰਦਰ ਸਿੰਘ ਸਿੰਘਪੁਰਾ, ਪਰਸ ਰਾਮ, ਅਰਜਿੰਦਰ ਸਿੰਘ ਕਲਾਨੌਰ, ਹਰਪ੍ਰੀਤ ਲਾਡੀ, ਜਰਨੈਲ ਸਿੰਘ, ਮਹਿੰਦਰ ਸਿੰਘ ਲੱਖਣ ਖੁਰਦ, ਮੋਹਨ ਸਿੰਘ ਗਵਾਰ ਅਤੇ ਜਗੀਰ ਸਿੰਘ ਘਣੀਏ-ਕੇ-ਬੇਟ ਆਦਿ ਸ਼ਾਮਲ ਸਨ।