ਪਠਾਨਕੋਟ, 18 ਜੁਲਾਈ (ਵਿਨੋਦ)-ਐਸ. ਡੀ. ਐਮ. ਵਲੋਂ ਐਤਵਾਰ ਵਾਲੇ ਦਿਨ ਚੋਣ ਕੈਂਪ ਦੀ ਡਿਊਟੀ ਲਗਾਉਣ ਦੇ ਵਿਰੋਧ ਵਿਚ ਕੰਪਿਊਟਰ ਅਧਿਆਪਕਾਂ ਨੇ ਹੁਕਮਾਂ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਸ਼ਾਸਨ ‘ਤੇ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਸਮੂਹ ਕੰਪਿਊਟਰ ਅਧਿਆਪਕਾਂ ਨੇ ਇਸ ਐਤਵਾਰ ਦੀ ਡਿਊਟੀ ਦਾ ਮੁਕੰਮਲ ਬਾਇਕਾਟ ਕਰਨ ਦਾ ਵੱਡਾ ਐਲਾਨ ਕਰ ਦਿੱਤਾ ਹੈ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕੰਪਿਊਟਰ ਅਧਿਆਪਕ ਰਾਕੇਸ਼ ਕੁਮਾਰ ਸੈਣੀ ਤੇ ਅਮਨਦੀਪ ਸਿੰਘ ਨੇ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਵੀ ਕੰਪਿਊਟਰ ਅਧਿਆਪਕਾਂ ਦੇ ਹੱਕਾਂ, ਮੰਗਾਂ ਜਾਂ ਭਲਾਈ ਦੀ ਗੱਲ ਆਉਂਦੀ ਹੈ ਤਾਂ ਅਜਿਹੇ ਅਫਸਰ ਉਨ੍ਹਾਂ ਦੀ ਗੱਲ ਤੱਕ ਸੁਣਨ ਲਈ ਤਿਆਰ ਨਹੀਂ ਹੁੰਦੇ। ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ, ਪਰ ਜਦੋਂ ਕੋਈ ਵਾਧੂ ਡਿਊਟੀ ਲਗਾਉਣੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕੰਪਿਊਟਰ ਅਧਿਆਪਕਾਂ ‘ਤੇ ਅਜਿਹੇ ਫਰਮਾਨ ਥੋਪ ਦਿੱਤੇ ਜਾਂਦੇ ਹਨ, ਜਿਸ ਕਾਰਨ ਸਮੂਹ ਅਧਿਆਪਕਾਂ ਵਿਚ ਭਾਰੀ ਰੋਸ ਹੈ ਤੇ ਉਹ ਇਸ ਡਿਊਟੀ ਦਾ ਪੂਰਨ ਬਾਇਕਾਟ ਕਰਨਗੇ। ਜ਼ਿਕਰਯੋਗ ਹੈ ਕਿ ਚੋਣਕਾਰ ਰਜਿਸਟਰੇਸ਼ਨ ਅਫਸਰ ਵਲੋਂ ਜਿਲ੍ਹਾ ਸਿੱਖਿਆ ਅਫਸਰ ਨੂੰ ਪੱਤਰ ਜਾਰੀ ਕਰਕੇ 19 ਜੁਲਾਈ ਨੂੰ ਲੱਗਣ ਵਾਲੇ ਵਿਸ਼ੇਸ਼ ਕੈਂਪ ਐਸ. ਆਈ. ਆਰ-2026 ਲਈ ਪੋਲਿੰਗ ਬੂਥਾਂ ਵਾਲੇ ਸਕੂਲ ਖੁੱਲ੍ਹੇ ਰੱਖਣ ਤੇ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਬੀ. ਐਲ. ਓ. ਦੇ ਸਹਿਯੋਗ ਲਈ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਅਧਿਆਪਕਾਂ ਨੇ ਸਾਫ਼ ਕਿਹਾ ਕਿ ਇਸ ਚੋਣ ਕੈਂਪ ਤੇ ਆਨਲਾਈਨ ਡਿਜ਼ਿਟਲ ਕੰਮ ਵਿਚ ਕੰਪਿਊਟਰ ਅਧਿਆਪਕਾਂ ਦਾ ਕੋਈ ਸਿੱਧਾ ਕੰਮ ਨਹੀਂ ਹੈ। ਇਸ ਦੇ ਬਾਵਜੂਦ ਐਤਵਾਰ ਵਾਲੇ ਦਿਨ ਦੀ ਛੁੱਟੀ ਖ਼ਰਾਬ ਕਰਕੇ ਉਨਾਂ ਨੂੰ ਸਕੂਲਾਂ ਵਿਚ ਹਾਜ਼ਰ ਰਹਿਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਨਾ-ਇਨਸਾਫ਼ੀ ਤੇ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਹੈ। ਇਸ ਮੌਕੇ ਹੋਰਨਾਂ ਕੰਪਿਊਟਰ ਅਧਿਆਪਕਾਂ ਨੇ ਵੀ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਇਨਾਂ ਹੁਕਮਾਂ ਨੂੰ ਤੁਰੰਤ ਰੱਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।