ਪਠਾਨਕੋਟ, 18 ਜੁਲਾਈ (ਸੁਮਿਤ)-ਸ਼ਹਿਰ ਵਿਚ ਵੱਧ ਰਹੀਆਂ ਟ੍ਰੈਫਿਕ ਸਮੱਸਿਆਵਾਂ ਤੇ ਗੈਰ ਕਾਨੂੰਨੀ ਪਾਰਕਿੰਗ ‘ਤੇ ਰੋਕ ਲਗਾਉਣ ਦੇ ਮਕਸਦ ਨਾਲ ਪੀਰ ਬਾਬਾ ਚੌਕ ਮਾਰਗ ‘ਤੇ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਕਮਾਨ ਖੁਦ ਡੀ. ਐੱਸ. ਪੀ ਸੁਖਜਿੰਦਰ ਥਾਪਰ ਨੇ ਸੰਭਾਲੀ। ਉਨ੍ਹਾਂ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਸੜਕ ਕਿਨਾਰੇ ਨਿਯਮਾਂ ਦੀ ਉਲੰਘਣਾ ਕਰਕੇ ਖੜ੍ਹੇ ਕੀਤੇ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ। ਮੁਹਿੰਮ ਦੌਰਾਨ ਸੜਕ ‘ਤੇ ਆਵਾਜਾਈ ਵਿਚ ਰੁਕਾਵਟ ਪੈਦਾ ਕਰਨ ਵਾਲੇ ਕਈ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਚਲਾਨ ਕੀਤੇ ਗਏ ਜਦਕਿ ਕੁਝ ਵਾਹਨਾਂ ਨੂੰ ਮੌਕੇ ਤੋਂ ਹਟਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਿਰਧਾਰਤ ਪਾਰਕਿੰਗ ਥਾਵਾਂ ‘ਤੇ ਹੀ ਵਾਹਨ ਖੜ੍ਹੇ ਕਰਨ ਦੀ ਹਦਾਇਤ ਦਿੱਤੀ। ਡੀ. ਐੱਸ. ਪੀ ਸੁਖਜਿੰਦਰ ਥਾਪਰ ਨੇ ਕਿਹਾ ਕਿ ਪੀਰ ਬਾਬਾ ਚੌਕ ਸ਼ਹਿਰ ਦੇ ਸਭ ਤੋਂ ਭੀੜ ਵਾਲੇ ਮਾਰਗਾਂ ਵਿਚੋਂ ਇਕ ਹੈ, ਜਿੱਥੇ ਗੈਰ ਕਾਨੂੰਨੀ ਪਾਰਕਿੰਗ ਕਾਰਨ ਅਕਸਰ ਟ੍ਰੈਫਿਕ ਜਾਮ ਦੀ ਸਥਿਤੀ ਬਣ ਜਾਂਦੀ ਹੈ। ਇਸ ਨਾਲ ਆਮ ਲੋਕਾਂ ਦੇ ਨਾਲ-ਨਾਲ ਐਂਬੂਲੈਂਸ ਤੇ ਹੋਰ ਐਮਰਜੈਂਸੀ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਸੜਕਾਂ ‘ਤੇ ਬੇਤਰਤੀਬ ਢੰਗ ਨਾਲ ਖੜ੍ਹੇ ਨਾ ਕਰਨ ਅਤੇ ਟ੍ਰੈਫਿਕ ਪੁਲਿਸ ਦਾ ਸਹਿਯੋਗ ਕਰਨ। ਮੁਹਿੰਮ ਦੌਰਾਨ ਟ੍ਰੈਫਿਕ ਪੁਲਿਸ ਤੇ ਸਥਾਨਕ ਥਾਣਾ ਪੁਲਿਸ ਦੇ ਜਵਾਨ ਵੀ ਮੌਜੂਦ ਰਹੇ।