ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਧੁੱਸੀ ਬੰਨਾਂ ਦਾ ਜਾਇਜ਼ਾ ਲੈਣ ਲਈ ਡੇਰਾ ਬਾਬਾ ਨਾਨਕ ਪੁੱਜੇ
ਅਜੀਤ ਡੈਸਕ
22-07-2026
ਸੁਖਬੀਰ ਸਿੰਘ ਬਾਦਲ ਧਰਮਕੋਟ ਪੱਤਨ ਵਿਖੇ ਪਹੁੰਚੇ, ਪਰ ਨਹੀਂ ਲਿਆ ਬੰਨ ਦਾ ਜਾਇਜ਼ਾ
ਅੱਜ ਡੇਰਾ ਬਾਬਾ ਨਾਨਕ ਫੇਰੀ ਦੌਰਾਨ ਸੁਖਬੀਰ ਸਿੰਘ ਬਾਦਲ ਧਰਮਕੋਟ ਪੱਤਣ ਰਾਵੀ ਦਰਿਆ ਦੇ ਬੰਨ੍ਹ ਦਾ ਜਾਇਜ਼ਾ ਲੈਣ ਵਾਸਤੇ ਪੁੱਜੇ, ਜਿੱਥੇ ਕਰੀਬ ਤਿੰਨ ਘੰਟੇ ਤੋਂ ਭਾਰੀ ਬਰਸਾਤ ਦੇ ਬਾਵਜੂਦ ਅਕਾਲੀ ਵਰਕਰ ਤੇ ਇਲਾਕੇ ਦੇ ਕਿਸਾਨ ਉਨ੍ਹਾਂ ਦੀ ਉਡੀਕ ਕਰ ਰਹੇ ਸਨ, ਪਰ ਬਰਸਾਤ ਕਾਰਨ ਨਾ ਤਾਂ ਸੁਖਬੀਰ ਸਿੰਘ ਬਾਦਲ ਆਪਣੀ ਗੱਡੀ ਤੋਂ ਉਤਰ ਕੇ ਕਿਸਾਨਾਂ ਨੂੰ ਨਹੀਂ ਮਿਲੇ ਤੇ ਨਾ ਹੀ ਖੁਦ ਉਤਰ ਕੇ ਧੁੱਸੀ ਬੰਨ ਦਾ ਜਾਇਜ਼ਾ ਲਿਆ ਗਿਆ, ਜਿਸ ਨੂੰ ਲੈ ਕੇ ਬਰਸਾਤ ਵਿਚ ਖੜੇ ਅਕਾਲੀ ਵਰਕਰਾਂ ਤੇ ਕਿਸ਼ਾਨਾਂ ਵਿਚ ਨਿਰਾਸ਼ਾ ਵੇਖਣ ਨੂੰ ਮਿਲੀ।
ਕਰਤਾਰਪੁਰ ਕੋਰੀਡੋਰ ਚੈੱਕ ਪੋਸਟ ਦੇ ਗੇਟ ’ਤੇ ਹੀ ਅਕਾਲੀ ਆਗੂਆਂ ਨੂੰ ਮਿਲ ਕੇ ਵਾਪਸ ਪਰਤੇ ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਅੱਜ ਕਰਤਾਰਪੁਰ ਸਾਹਿਬ ਕੋਰੀਡੋਰ ਡੇਰਾ ਬਾਬਾ ਨਾਨਕ ਵਿਖੇ ਪੁੱਜੇ, ਜਿੱਥੇ ਭਾਰੀ ਬਰਸਾਤ ਦੇ ਬਾਵਜੂਦ ਲੰਬੇ ਸਮੇਂ ਤੋਂ ਅਕਾਲੀ ਵਰਕਰ ਤੇ ਕਿਸਾਨ ਉਨ੍ਹਾਂ ਦੀ ਉਡੀਕ ਕਰ ਰਹੇ ਸਨ, ਪਰ ਸ: ਬਾਦਲ ਦਾ ਕਾਫਲਾ ਧੁੱਸੀ ਬੰਨ੍ਹ ’ਤੇ ਜਾਣ ਦੀ ਬਜਾਏ ਕਰਤਾਰਪੁਰ ਸਾਹਿਬ ਕੋਰੀਡੋਰ ਚੈੱਕ ਪੋਸਟ ਵੱਲ ਚਲਾ ਗਿਆ, ਜਿੱਥੇ ਬੀ.ਐਸ.ਐਫ. ਵਲੋਂ ਅੰਦਰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਤਾਂ ਸ: ਬਾਦਲ ਹੜ੍ਹ ਪ੍ਰਭਾਵਿਤ ਧੁੱਸੀ ਬੰਨ ਦਾ ਜਾਇਜ਼ਾ ਲੈਣ ਅਤੇ ਕਿਸਾਨਾਂ ਨੂੰ ਮਿਲਣ ਤੋਂ ਬਿਨਾਂ ਕਰਤਾਰਪੁਰ ਕੋਰੀਡੋਰ ਗੇਟ ਤੋਂ ਹੀ ਬੇਰੰਗ ਵਾਪਸ ਪਰਤ ਗਏ, ਜਿਸ ਨੂੰ ਲੈ ਕੇ ਸਥਾਨਕ ਲੋਕ ਨਿਰਾਸ਼ ਹੋਏ। ਭਾਵੇਂਕਿ ਅਕਾਲੀ ਆਗੂਆਂ ਵਲੋਂ ਇਸ ਨੂੰ ਤੇਜ਼ ਬਰਸਾਤ ਦਾ ਕਾਰਨ ਦੱਸਿਆ ਜਾ ਰਿਹਾ, ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਵੀ ਬਰਸਾਤ ਵਿਚ ਹੀ ਉਨ੍ਹਾਂ ਦੀ ਉਡੀਕ ਕਰ ਰਹੇ ਸਾਂ। ਇਸ ਮੌਕੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਉੁਹ ਵਿਸ਼ੇਸ਼ ਤੌਰ ’ਤੇ ਕੌਮਾਂਤਰੀ ਸਰਹੱਦ ਨਾਲ ਲਗਦੇ ਧੁੱਸੀ ਬੰਨ ਦਾ ਜਾਇਜ਼ਾ ਲੈਣ ਲਈ ਆਏ ਹਨ, ਜਿਥੇ ਲੰਘੇ ਸਾਲ ਰਾਵੀ ਦਰਿਆ ਅੰਦਰ ਆਏ ਹੜ੍ਹ ਦੇ ਪਾਣੀ ਨੇ ਧੁੱਸੀ ਬੰਨ ਨੂੰ ਕਈ ਥਾਵਾਂ ਉੱਪਰ ਢਾਹ ਲਾ ਕੇ ਸਰਹੱਦੀ ਖੇਤਰ ਦੇ ਸੈਂਕੜੇ ਪਿੰਡਾਂ ਅੰਦਰ ਭਾਰੀ ਤਬਾਹੀ ਮਚਾਈ ਸੀ, ਕਿਉਂਕਿ ਇਕ ਸਾਲ ਬੀਤ ਜਾਣ ਦੇ ਬਾਵਜੂਦ ਧੁੱਸੀ ਬੰਨ ਨੂੰ ਪੱਕਿਆਂ ਕਰਨ ਲਈ ਸੂਬਾ ਸਰਕਾਰ ਵਲੋਂ ਕੋਈ ਠੋਸ ਅਮਲ ਵਿਚ ਨਹੀਂ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਕਾਰਨ ਕਿਸੇ ਸਮੇਂ ਵੀ ਨੁਕਸਾਨ ਹੋਣ ਦੀ ਚਿੰਤਾ ਬਣੀ ਰਹਿੰਦੀ ਹੈ। ਇਸ ਕਰ ਕੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਮਿਲ ਕੇ ਧੁੱਸੀ ਬੰਨ ਨੂੰ ਪੱਕਾ ਕਰ ਲਵੋ, ਟਰੈਕਟਰ ਤੇ ਡੀਜ਼ਲ ਮੈਂ ਦੇਵਾਂਗਾ ਤਾਂ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।