13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

7 ਗ੍ਰਾਮ ਹੈਰੋਇਨ ਅਤੇ 450 ਰੁਪਏ ਡਰੱਗਮਨੀ ਸਮੇਤ ਨੌਜਵਾਨ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 22-07-2026
ਤਾਰਾਗੜ, 21 ਜੁਲਾਈ (ਸੋਹਨ ਲਾਲ)-ਥਾਣਾ ਤਾਰਾਗੜ੍ਹ ਪੁਲਿਸ ਨੇ ਇਲਾਕੇ ਵਿਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਕ ਨੌਜਵਾਨ ਨੂੰ 7 ਗ੍ਰਾਮ ਹੈਰੋਇਨ ਅਤੇ 450 ਰੁਪਏ ਡਰੱਗਮਨੀ ਸਮੇਤ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਹੈਰੋਇਨ ਵੇਚਣ ਵਾਲੇ ਮੁੱਖ ਤਸਕਰ ਨੂੰ ਵੀ ਮਾਮਲੇ ਵਿਚ ਨਾਮਜ਼ਦ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਤਾਰਾਗੜ੍ਹ ਪੁਲਿਸ ਦੀ ਇਕ ਟੀਮ ਗਸ਼ਤ ਦੌਰਾਨ ਜਦੋਂ ਕਥਲੌਰ ਪੁਲੀ ਵੱਲ ਮੁੜੀ ਤਾਂ ਉੱਥੋਂ ਕਰੀਬ 100 ਮੀਟਰ ਅੱਗੇ ਇਕ ਨੌਜਵਾਨ ਪੈਦਲ ਆਉਂਦਾ ਦਿੱਸਿਆ। ਪੁਲਿਸ ਪਾਰਟੀ ਨੂੰ ਸਾਹਮਣੇ ਵੇਖ ਕੇ ਉਹ ਘਬਰਾ ਗਿਆ ਅਤੇ ਪਿੱਛੇ ਮੁੜ ਕੇ ਤੇਜ਼ ਕਦਮਾਂ ਨਾਲ ਭੱਜਣ ਲੱਗ ਪਿਆ। ਭੱਜਦੇ ਸਮੇਂ ਉਸ ਨੇ ਆਪਣੇ ਪਜਾਮੇ ਦੀ ਸੱਜੀ ਜੇਬ ਵਿਚੋਂ ਇਕ ਪਲਾਸਟਿਕ ਦਾ ਲਿਫਾਫਾ ਕੱਢ ਕੇ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਟੀਮ ਨੇ ਐਸ.ਆਈ. ਦੀ ਅਗਵਾਈ ਹੇਠ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਨਾਮ ਰਵਿੰਦਰ ਕੁਮਾਰ ਵਾਸੀ ਬਕਨੌਰ ਦੱਸਿਆ। ਪੁਲਿਸ ਨੇ ਉਸ ਵਲੋਂ ਸੁੱਟੇ ਗਏ ਲਿਫਾਫੇ ਨੂੰ ਚੁੱਕ ਕੇ ਡਰੱਗ ਡਿਟੈਕਸ਼ਨ ਕਿੱਟ ਨਾਲ ਜਾਂਚਿਆ ਤਾਂ ਉਸ ਵਿਚ ਹੈਰੋਇਨ ਹੋਣ ਦੀ ਪੁਸ਼ਟੀ ਹੋਈ। ਇਲੈਕਟ੍ਰਾਨਿਕ ਕੰਡੇ ‘ਤੇ ਤੋਲਣ ‘ਤੇ ਲਿਫਾਫੇ ਸਮੇਤ ਕੁੱਲ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਮੁਲਜ਼ਮ ਦੇ ਪਜਾਮੇ ਦੀ ਸੱਜੀ ਜੇਬ ਦੀ ਤਲਾਸ਼ੀ ਦੌਰਾਨ 450 ਰੁਪਏ ਡਰੱਗਮਨੀ ਵੀ ਬਰਾਮਦ ਹੋਈ। ਸਖ਼ਤ ਪੁੱਛਗਿੱਛ ਦੌਰਾਨ ਰਵਿੰਦਰ ਕੁਮਾਰ ਨੇ ਖੁਲਾਸਾ ਕੀਤਾ ਕਿ ਉਸ ਨੇ ਇਹ ਹੈਰੋਇਨ ਆਪਣੇ ਹੀ ਪਿੰਡ ਬਕਨੌਰ ਦੇ ਰਹਿਣ ਵਾਲੇ ਅਰਜੁਨ ਤੋਂ ਖਰੀਦੀ ਸੀ। ਥਾਣਾ ਤਾਰਾਗੜ੍ਹ ਪੁਲਿਸ ਨੇ ਬਰਾਮਦ ਹੈਰੋਇਨ ਅਤੇ ਡਰੱਗਮਨੀ ਨੂੰ ਸਬੂਤ ਵਜੋਂ ਕਬਜ਼ੇ ਵਿਚ ਲੈ ਕੇ ਰਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੈਰੋਇਨ ਰੱਖਣ, ਵੇਚਣ ਅਤੇ ਖਰੀਦਣ ਦੇ ਦੋਸ਼ ਹੇਠ ਰਵਿੰਦਰ ਕੁਮਾਰ ਅਤੇ ਅਰਜੁਨ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21, 27-ਏ, 29 ਅਤੇ 61-85 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫ਼ਰਾਰ ਮੁਲਜ਼ਮ ਅਰਜੁਨ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ’ਤੇ ਲਾਠੀਚਾਰਜ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼-ਮਾਸਟਰ ਕਾਡਰ ਯੂਨੀਅਨ ਪੰਜਾਬ ਅਗਲੀ ਖ਼ਬਰ 6ਵੇਂ ਸ਼ਹੀਦ ਵਿਕਰਾਂਤ ਸਿੰਘ ਚੁਣੌਤੀਆਂ ਮੈਮੋਰੀਅਲ ਵਾਲੀਬਾਲ ਟੂਰਨਾਮੈਂਟ ਦੀ ਸ਼ਾਨਦਾਰ ਸਮਾਪਤੀ
Ad Position 24