ਪਠਾਨਕੋਟ, 21 ਜੁਲਾਈ (ਸੰਧੂ)-ਮੋਂਟੇਸਰੀ ਕੈਂਬਰਿਜ ਸਕੂਲ ਪਠਾਨਕੋਟ ਵਿਚ ਸੀ.ਬੀ.ਐਸ.ਈ. ਨਾਰਥ ਜ਼ੋਨ-2 ਗਰਲਜ਼ ਸਵਿਮਿੰਗ ਚੈਂਪੀਅਨਸ਼ਿਪ-2026 ਦਾ ਸ਼ਾਨਦਾਰ ਆਗਾਜ਼ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਹੋਇਆ। ਤਿੰਨ ਦਿਨਾਂ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਗਮ ਦੀ ਅਗਵਾਈ ਸਕੂਲ ਦੇ ਚੇਅਰਮੈਨ ਵਿਨੋਦ ਮਹਾਜਨ, ਵਾਈਸ ਚੇਅਰਮੈਨ ਆਕਾਸ਼ ਮਹਾਜਨ ਅਤੇ ਪ੍ਰਿੰਸੀਪਲ-ਕਮ-ਡਾਇਰੈਕਟਰ ਰਸ਼ਮੀ ਅਹਲੂਵਾਲੀਆ ਨੇ ਕੀਤੀ, ਜਦਕਿ ਸਾਈਂ ਯੂਨੀਵਰਸਿਟੀ ਦੇ ਚਾਂਸਲਰ ਐਸ.ਕੇ. ਪੁੰਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ, ਅਨੁਸ਼ਾਸਨ ਅਤੇ ਸਮਰਪਣ ਨਾਲ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਲਗਪਗ 271 ਸਕੂਲਾਂ ਦੇ ਖਿਡਾਰੀ ਇਸ ਚੈਂਪੀਅਨਸ਼ਿਪ ਵਿਚ ਭਾਗ ਲੈ ਰਹੇ ਹਨ। ਪਹਿਲੇ ਦਿਨ ਅੰਡਰ-11, ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੇਜ਼ਬਾਨ ਮੋਂਟੇਸਰੀ ਕੈਂਬਰਿਜ ਸਕੂਲ ਦੇ ਖਿਡਾਰੀਆਂ ਨੇ ਪਹਿਲੇ ਹੀ ਦਿਨ ਕਈ ਤਗਮੇ ਆਪਣੇ ਨਾਮ ਕੀਤੇ। ਧ੍ਰਿਤੀ ਮਹਾਜਨ ਨੇ ਅੰਡਰ-19 ਵਰਗ ਦੀ 800 ਮੀਟਰ ਫ੍ਰੀ-ਸਟਾਈਲ ਵਿਚ ਚਾਂਦੀ ਅਤੇ 200 ਮੀਟਰ ਬੈਕਸਟ੍ਰੋਕ ਵਿਚ ਸੋਨ ਤਗਮਾ ਜਿੱਤਿਆ। ਮਿਸ਼ਿਕਾ ਨੇ ਅੰਡਰ-17 ਦੀ 800 ਮੀਟਰ ਫ੍ਰੀ-ਸਟਾਈਲ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। ਸਿੱਧੀ ਜੋਸ਼ੀ ਨੇ ਅੰਡਰ-17 ਦੇ 100 ਮੀਟਰ ਬ੍ਰੈਸਟਸਟ੍ਰੋਕ ਅਤੇ 200 ਮੀਟਰ ਇੰਡੀਵਿਜੁਅਲ ਮੈਡਲੇ ਵਿਚ ਦੋ ਸੋਨ ਤਗਮੇ ਜਿੱਤੇ। ਅਹਾਨਾ ਨੇ ਅੰਡਰ-19 ਦੀ 50 ਮੀਟਰ ਬਟਰਫਲਾਈ ਵਿਚ ਕਾਂਸੀ ਦਾ ਤਗਮਾ ਜਿੱਤਿਆ। ਰਿਧੀ ਜੋਸ਼ੀ ਨੇ ਅੰਡਰ-17 ਦੇ 200 ਮੀਟਰ ਬੈਕਸਟ੍ਰੋਕ ਵਿਚ ਚਾਂਦੀ, ਜਦਕਿ ਰਿਧਿਮਾ ਸ਼ਰਮਾ ਨੇ ਅੰਡਰ-19 ਦੇ 200 ਮੀਟਰ ਇੰਡੀਵਿਜੁਅਲ ਮੈਡਲੇ ਵਿਚ ਸੋਨ ਅਤੇ 50 ਮੀਟਰ ਫ੍ਰੀ-ਸਟਾਈਲ ਵਿਚ ਕਾਂਸੀ ਦਾ ਤਗਮਾ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਚੇਅਰਮੈਨ ਵਿਨੋਦ ਮਹਾਜਨ, ਵਾਈਸ ਚੇਅਰਮੈਨ ਆਕਾਸ਼ ਮਹਾਜਨ ਅਤੇ ਪ੍ਰਿੰਸੀਪਲ ਰਸ਼ਮੀ ਅਹਲੂਵਾਲੀਆ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ ਅਤੇ ਖੇਡ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੁਕਾਬਲਿਆਂ ਦੇ ਸਫਲ ਆਯੋਜਨ ਲਈ ਕੋਚਾਂ, ਅਧਿਕਾਰੀਆਂ ਅਤੇ ਪ੍ਰਬੰਧਕ ਟੀਮ ਦਾ ਵੀ ਧੰਨਵਾਦ ਕੀਤਾ।