ਕਾਹਨੂੰਵਾਨ, 22 ਜੁਲਾਈ (ਨਿਸ਼ਾਨ ਸਿੰਘ ਚਾਹਲ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ, ਪਰ ਪਿਛਲੇ 5 ਮਹੀਨਿਆਂ ਤੋਂ ਵੱਧ ਸਮੇਂ ਤੋਂ ਪੰਜਾਬ ਭਰ ਦੇ ਮੀਟਰ ਰੀਡਰਾਂ ਦੇ ਹੜਤਾਲ ’ਤੇ ਹੋਣ ਕਾਰਨ ਖਪਤਕਾਰਾਂ ਦੇ ਬਿਜਲੀ ਮੀਟਰਾਂ ਦੀ ਪੜ੍ਹਤ ਦਾ ਕੰਮ ਠੱਪ ਪਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਭਰ ਦੇ ਮੀਟਰ ਰੀਡਰ ਪਾਵਰਕਾਮ ’ਚ ਸਥਾਈ ਭਰਤੀ ਦੀ ਮੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਕਿਸੇ ਪ੍ਰਾਈਵੇਟ ਕੰਪਨੀ ਦੇ ਅਧੀਨ ਖਪਤਕਾਰਾਂ ਦੇ ਮੀਟਰਾਂ ਦੀ ਰੀਡਿੰਗ ਦਾ ਕੰਮ ਕਰ ਰਹੇ ਸਨ। ਗਰਮੀ ਕਾਰਨ ਇਸ ਸਮੇਂ ਏ.ਸੀ., ਕੂਲਰ ਤੇ ਹੋਰ ਬਿਜਲੀ ਦੀ ਵਰਤੋਂ ਵਧ ਗਈ ਹੈ। ਅਜਿਹੇ ’ਚ ਮੀਟਰ ਰੀਡਿੰਗ ਨਾ ਲੈਣ ਕਰਕੇ ਆਮ ਖਪਤਕਾਰਾਂ, ਖਾਸ ਕਰਕੇ ਮੱਧ ਵਰਗੀ ਪਰਿਵਾਰਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਖਪਤਕਾਰਾਂ ਨੂੰ ਡਰ ਹੈ ਕਿ ਕਿਤੇ 2 ਮਹੀਨਿਆਂ ਦੀ ਖਪਤ 600 ਯੂਨਿਟ ਤੋਂ ਵੱਧ ਨਾ ਹੋ ਜਾਵੇ ਤੇ ਮੁਫ਼ਤ ਬਿਜਲੀ ਦਾ ਲਾਭ ਖ਼ਤਮ ਨਾ ਹੋ ਜਾਵੇ। ਬਿਜਲੀ ਖਪਤਕਾਰਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜ਼ਮੈਂਟ ਤੋਂ ਮੰਗ ਕੀਤੀ ਹੈ ਕਿ ਮੀਟਰ ਰੀਡਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਮੰਨ ਕੇ ਉਨ੍ਹਾਂ ਦੀ ਹੜਤਾਲ ਖ਼ਤਮ ਕਰਵਾਈ ਜਾਵੇ ਤਾਂ ਜੋ ਖਪਤਕਾਰਾਂ ’ਤੇ ਵਾਧੂ ਬਿੱਲ ਦਾ ਬੋਝ ਨਾ ਪਵੇ।