ਡੇਰਾ ਬਾਬਾ ਨਾਨਕ, 21 ਜੁਲਾਈ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਹਲਕੇ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤਹਿਤ ਡੇਰਾ ਬਾਬਾ ਨਾਨਕ ਦੇ ਪਿੰਡ ਤਲਵੰਡੀ ਗੋਰਾਇਆ, ਕਾਦੀਆਂ ਗੁੱਜਰਾਂ, ਉਦੋਵਾਲੀ ਕਲਾਂ ਤੇ ਬਸੰਤਕੋਟ ਦੀਆਂ ਨਵੀਆਂ ਲਿੰਕ ਸੜਕਾਂ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸ: ਰੰਧਾਵਾ ਨੇ ਕਿਹਾ ਕਿ ਇਹ ਵਿਕਾਸ ਕਾਰਜ ਇਲਾਕੇ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਪੇਂਡੂ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਇਹ ਇਕ ਹੋਰ ਮਹੱਤਵਪੂਰਨ ਕਦਮ ਹੈ। ਆਉਣ ਵਾਲੇ ਸਮੇਂ ’ਚ ਇਨ੍ਹਾਂ ਸੜਕਾਂ ਨਾਲ ਲੋਕਾਂ ਦਾ ਸਫ਼ਰ ਹੋਰ ਸੁਖਾਲਾ ਅਤੇ ਸੁਰੱਖਿਅਤ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਲੋਕਾਂ ਦੀ ਇਹ ਪੁਰਾਣੀ ਮੰਗ ਸੀ ਕਿ ਇਨ੍ਹਾਂ ਸੜਕਾਂ ਦਾ ਸੁਧਾਰ ਕੀਤਾ ਜਾਵੇ ਜੋ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵਲੋਂ ਪੂਰਾ ਕੀਤਾ ਗਿਆ ਹੈ ਤੇ ਹੁਣ ਸੜਕਾਂ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਗੁਰਾਇਆ, ਲਵਪ੍ਰੀਤ ਸਿੰਘ ਪੀ.ਏ., ਆਸਾ ਸਿੰਘ ਤਲਵੰਡੀ ਗੁਰਾਇਆ ਆਦਿ ਹਾਜ਼ਰ ਸਨ।