18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਫਤਹਿਗੜ੍ਹ ਚੂੜੀਆਂ ਦਾ ਹਲਕਾ ਇੰਚਾਰਜ ਬਦਲਣ ਤੋਂ ਬਾਅਦ ਬਲਬੀਰ ਸਿੰਘ ਪੰਨੂੰ ਦੇ ਸਮਰਥਕ ਮਾਯੂਸ

Ad Position 21
No active advertisement
ਅਜੀਤ ਡੈਸਕ 29-07-2026
ਅਵਤਾਰ ਸਿੰਘ ਰੰਧਾਵਾ
ਫਤਹਿਗੜ੍ਹ ਚੂੜੀਆਂ, 28 ਜੁਲਾਈ- 2022 ਦੀਆਂ ਵਿਧਾਨ ਸਭਾ ਚੋਣਾਂ ’ਚ ਫਤਹਿਗੜ੍ਹ ਚੂੜੀਆਂ ਹਲਕੇ ਤੋਂ ਆਮ ਆਦਮੀ ਪਾਰਟੀ ਵਲੋਂ ਬਲਬੀਰ ਸਿੰਘ ਪੰਨੂੰ ਚੋਣ ਲੜੇ ਸਨ, ਪਰ ਕਾਂਗਰਸ ਪਾਰਟੀ ਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਹਾਰ ਗਏ ਸਨ। ਭਾਵੇਂ ਆਮ ਆਦਮੀ ਪਾਰਟੀ ਨੇ ਉਸ ਸਮੇਂ ਪੰਜਾਬ ’ਚੋਂ 92 ਸੀਟਾਂ ਪ੍ਰਾਪਤ ਕੀਤੀਆਂ ਸਨ, ਪਰ ਸਮੇਂ ਦੇ ਲੰਘਦਿਆਂ ਬਲਬੀਰ ਸਿੰਘ ਪੰਨੂੰ ਵਲੋਂ ਹਲਕੇ ਦੇ ਲੋਕਾਂ ਨਾਲ ਨੇੜਤਾ ਵਧਾਉਂਦਿਆਂ ਕਾਫੀ ਹੱਦ ਤੱਕ ਉਨ੍ਹਾਂ ਤੱਕ ਪਹੁੰਚ ਵੀ ਕਰ ਲਈ ਗਈ ਸੀ ਤੇ ਆਉਣ ਵਾਲੇ ਸਮੇਂ ਵਿਚ ਇਸ ਹਲਕੇ ਤੋਂ ਮਜ਼ਬੂਤ ਉਮੀਦਵਾਰ ਦੇ ਤੌਰ ’ਤੇ ਵੀ ਜਾਣਿਆਂ ਜਾਣ ਲੱਗਾ ਸੀ, ਪਰ ਅਚਨਚੇਤ ਵਰਕਰਾਂ ਤੇ ਸਮਰਥਕਾਂ ਨੂੰ ਉਸ ਸਮੇਂ ਧੱਕਾ ਲੱਗਾ, ਜਦੋਂ ਹਾਈਕਮਾਂਡ ਨੇ ਹਲਕੇ ਦੀ ਕਮਾਂਡ ਕਿਸੇ ਹੋਰ ਦੇ ਹੱਥ ਸੌਂਪ ਦਿੱਤੀ। ਫਤਹਿਗੜ੍ਹ ਚੂੜੀਆਂ ਹਲਕੇ ਨੂੰ ਵੱਡੇ ਸਿਆਸਤਦਾਨਾਂ ਦਾ ਗੜ੍ਹ ਕਿਹਾ ਜਾਂਦਾ ਹੈ। ਗੁਰਦਾਸਪੁਰ ਜ਼ਿਲ੍ਹੇ ਦੀ ਸਿਆਸਤ ’ਚ ਹਿਲਜੁਲ ਦੀ ਪਹਿਲਕਦਮੀ ਇਥੋਂ ਹੀ ਹੁੰਦੀ ਹੈ। ਜਿਸ ਕਰਕੇ ਇਸ ਹਲਕੇ ਤੋਂ ਮਜ਼ਬੂਤ ਤੇ ਪਰੋੜ ਸਿਆਸਤਦਾਨ ਦੀ ਸਮੇਂ ਮੁਤਾਬਿਕ ਲੋੜ ਸਮਝੀ ਜਾਣੀ ਚਾਹੀਦੀ ਸੀ। ਇਹ ਵੀ ਦੱਸ ਦਈਏ ਕਿ ਆਮ ਆਦਮੀ ਪਾਰਟੀ ਵਲੋਂ ਨਵੇਂ ਇੰਚਾਰਜ ਜੋਬਨ ਰੰਧਾਵਾ ਨੂੰ ਪਿਛਲੇ ਕੁਝ ਸਮੇਂ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਲਗਾਇਆ ਗਿਆ ਸੀ। ਉਨ੍ਹਾਂ ਨੂੰ ਪ੍ਰਪੱਕ, ਦੂਰ ਅੰਦੇਸ਼ੀ ਤੇ ਤਜਰਬੇਕਾਰ ਸਿਆਸਤਦਾਨ ਵਜੋਂ ਤਾਂ ਨਹੀਂ ਲਿਆ ਜਾ ਸਕਦਾ ਹੈ, ਪਰ ਪਿਛਲੇ ਦਿਨੀਂ ਉਨ੍ਹਾਂ ਦੇ ਪੈਲੇਸ ’ਚ ਬਣੇ ਆਮ ਆਦਮੀ ਪਾਰਟੀ ਦੇ ਦਫ਼ਤਰ ’ਚ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਵੀ ਆਏ ਸਨ, ਜਿਸ ਕਰਕੇ ਹਲਕੇ ’ਚ ਇਸ ਆਮਦ ਨੂੰ ਬਲਬੀਰ ਸਿੰਘ ਪੰਨੂੰ ਕੋਲੋਂ ਇੰਚਾਰਜੀ ਖੁੱਸਣ ਦਾ ਸੰਕੇਤ ਮੰਨਿਆ ਜਾਣ ਲੱਗ ਪਿਆ ਸੀ। ਜਿਵੇਂ ਪਹਿਲਾਂ ਹੀ ਦੱਸਿਆ ਹੈ ਕਿ ਇਹ ਹਲਕਾ ਵੱਡੇ ਸਿਆਸਤਦਾਨਾਂ ਦਾ ਘਰ ਕਿਹਾ ਜਾਂਦਾ ਹੈ, ਜਿਸ ਕਰਕੇ ਹਰ ਪਾਰਟੀ ਦਾ ਧਿਆਨ ਆਮ ਆਦਮੀ ਪਾਰਟੀ ਵੱਲ ਸੀ। ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਹਲਕੇ ਦੇ ਨਵਾਂ ਬਣੇ ਇੰਚਾਰਜ ਨੂੰ ਬਹੁਤੇ ਪਿੰਡਾਂ ਵਿਚ ਆਪਣੀ ਪਹਿਚਾਣ ਬਣਾਉਣ ਲਈ ਸਖ਼ਤ ਮਿਹਨਤ ਦੇ ਨਾਲ-ਨਾਲ ਪੰਨੂੰ ਧੜੇ ਦੇ ਵਰਕਰਾਂ ਨੂੰ ਵੀ ਆਪਣੇ ਨਾਲ ਜੋੜਨ ਲਈ ਜੱਦੋ-ਜਹਿਦ ਕਰਨੀ ਪਵੇਗੀ। ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਗੁਰਦਾਸਪੁਰ ਦਾ ਜ਼ਿਲ੍ਹਾ ਪ੍ਰਧਾਨ ਹੁੰਦਿਆਂ ਹੋਇਆਂ ਵੀ ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਵਿਚ ਹਾਜ਼ਰੀ ਭਰਨ ਲਈ ਜਾਂ ਪਾਰਟੀ ਦੇ ਕਿਸੇ ਵਿਸ਼ੇਸ਼ ਪ੍ਰੋਗਰਾਮ ਵਿਚ ਪਹੁੰਚੇ ਹੀ ਨਹੀਂ ਹਨ। ਕਾਂਗਰਸ ਦੇ ਸੁਘੜ ਸਿਆਣੇ ਸਿਆਸਤਾਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਜੋ ਤੀਸਰੀ ਵਾਰ ਇਸ ਹਲਕੇ ਤੋਂ ਵਿਧਾਇਕ ਵੀ ਹਨ, ਦੇ ਮਜ਼ਬੂਤ ਆਧਾਰ ਤੇ ਸਿਆਸਤ ਦੀ ਡੂੰਘੀ ਸੂਝ-ਬੂਝ ਅੱਗੇ ਟਿਕਣਾ ਨਾਪ੍ਰਪੱਕ ਉਮੀਦਵਾਰ ਅਤੇ ਪਾਰਟੀ ਲਈ ਘਾਤਕ ਸਿੱਧ ਹੋ ਸਕਦਾ ਹੈ। ਅਕਾਲੀ ਦਲ (ਬ) ਦੀ ਗੱਲ ਕਰੀਏ ਤਾਂ ਭਾਵੇਂ ਪਾਰਟੀ ਇਸ ਸਮੇਂ ਉਖੜੀ ਹੋਈ ਹੈ, ਪਰ ਪਿੰਡਾਂ ਦੇ ਲੋਕ ਅੱਜ ਵੀ ਆਪਣੀ ਖੇਤਰੀ ਪਾਰਟੀ ਨਾਲ ਦਿਲੋਂ ਜੁੜੇ ਹੋਣ ਕਾਰਨ ਆਪਣੇ ਬਜ਼ੁਰਗਾਂ ਦੀ ਗੱਲ ਪੁਗਾਉਂਦਿਆਂ ਆਪਣੀ ਖੇਤਰੀ ਪਾਰਟੀ ਨਾਲ ਜੁੜੇ ਹੋਏ ਹਨ, ਜਿਸ ਕਰਕੇ ਇਸ ਹਲਕੇ ਤੋਂ ਅਕਾਲੀ ਦਲ ਨੂੰ ਕਮਜ਼ੋਰ ਨਹੀਂ ਸਮਝਿਆ ਜਾਣਾ ਚਾਹੀਦਾ। ਅਕਾਲੀ ਦਲ ਤੋਂ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਇਕ ਇਮਾਨਦਾਰ ਤੇ ਸੁਲਝੇ ਹੋਏ ਉਮੀਦਵਾਰ ਕਹੇ ਜਾ ਸਕਦੇ ਹਨ। ਇਹ ਵੀ ਦੱਸਣਯੋਗ ਹੈ ਕਿ ਇਸ ਹਲਕੇ ਤੋਂ ਧਾਕੜ ਤੇ ਵੱਡੇ ਸਿਆਸਤਦਾਨ ਦੀ ਘਰ ਵਾਪਸੀ ਵੀ ਹੁੰਦੀ ਜਾਪਦੀ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਵੀ ਇਸ ਹਲਕੇ ਤੋਂ ਲੋਕਾਂ ਦਾ ਸਮਰਥਨ ਵਧਦਾ ਜਾਰੀ ਹੈ। ਜੇ ਆਉਣ ਵਾਲੇ ਸਮੇਂ ’ਚ ਵੱਖ-ਵੱਖ ਪਾਰਟੀਆਂ ’ਚ ਰੱਦੋ-ਬਦਲ ਦਾ ਵਰਤਾਰਾ ਜਾਰੀ ਰਿਹਾ ਤਾਂ ਇਸ ਹਲਕੇ ਤੋਂ ਮੁੱਖ ਮੁਕਾਬਲਾ ਕਾਂਗਰਸ, ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਅਕਾਲੀ ਦਲ (ਬ) ਨਾਲ ਵੀ ਹੋ ਸਕਦਾ ਹੈ, ਪਰ ਅੱਜ ਵੀ ਵੋਟਰ ਹਲਕੇ ’ਚ ਹੋਏ ਨਿੱਜੀ ਜਾਂ ਜਨਹਿੱਤ ਦੇ ਕੰਮਾਂ ਤੋਂ ਵੱਧ ਵਿਸ਼ੇਸ਼ ਤੌਰ ’ਤੇ ਇਕ ਮਜ਼ਬੂਤ ਉਮੀਦਵਾਰ ਦੀ ਆਸ ਜ਼ਰੂਰ ਰੱਖਦਾ ਹੈ।
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ’ਚ ਵਿਦਿਆਰਥੀ ਕੌਂਸਲ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਵੀਰਮ ਦੇ 102 ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ
Ad Position 24