ਬਟਾਲਾ, 29 ਜੁਲਾਈ (ਸਤਿੰਦਰ ਸਿੰਘ)-ਲਾਰੈਂਸ ਇੰਟਰਨੈਸ਼ਨਲ ਸਕੂਲ ਤਾਰਾਗੜ (ਡੇਰਾ ਬਾਬਾ ਨਾਨਕ ਰੋਡ) ਬਟਾਲਾ ਦੀ ਲੜਕੀਆਂ ਦੀ ਖੋ-ਖੋ ਟੀਮ ਨੇ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸੀ.ਬੀ.ਐੱਸ.ਈ. ਕਲੱਸਟਰ ਖੋ-ਖੋ ਖੇਡ ਪ੍ਰਤੀਯੋਗਤਾ ’ਚ ਦੂਜਾ (ਰਨਰ-ਅੱਪ) ਸਥਾਨ ਹਾਸਲ ਕਰਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਮੁਕਾਬਲੇ ਜੰਮੂ ਸੰਸਕ੍ਰਿਤੀ ਸਕੂਲ, ਜੰਮੂ ਵਿਖੇ ਸੀ.ਬੀ.ਐੱਸ.ਸੀ. ਖੋ-ਖੋ ਕਲਸਟਰ ਦੇ ਬੈਨਰ ਹੇਠ ਕਰਵਾਏ ਗਏ। ਇਸ ਟੂਰਨਾਮੈਂਟ ਦੌਰਾਨ ਸਕੂਲ ਦੀ ਲੜਕੀਆਂ ਦੀ ਟੀਮ ਨੇ ਸ਼ੁਰੂਆਤੀ ਦੌਰ ਤੋਂ ਹੀ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਵਿਰੋਧੀ ਟੀਮਾਂ ਨੂੰ ਕਰੜੀ ਟੱਕਰ ਦਿੰਦੇ ਹੋਏ ਖਿਡਾਰਨਾਂ ਨੇ ਫਾਈਨਲ ਮੁਕਾਬਲੇ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਆਪਣੀ ਅਣਥੱਕ ਮਿਹਨਤ ਤੇ ਟੀਮ ਵਰਕ ਦੇ ਦਮ ’ਤੇ ਦੂਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਉਪਮਾ ਮਹਾਜਨ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਭਾਗ ਲੈਣਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ। ਲਾਰੈਂਸ ਇੰਟਰਨੈਸ਼ਨਲ ਸਕੂਲ ਹਮੇਸ਼ਾ ਹੀ ਆਪਣੇ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਰਹਿੰਦਾ ਹੈ। ਜੇਤੂ ਖਿਡਾਰਨਾਂ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਵਲੋਂ ਖੇਡ ਵਿਭਾਗ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ, ਜਿਨਾਂ ਦੀ ਯੋਗ ਅਗਵਾਈ ਸਦਕਾ ਵਿਦਿਆਰਥੀਆਂ ਨੇ ਇਹ ਮੁਕਾਮ ਹਾਸਿਲ ਕੀਤਾ। ਸਕੂਲ ਦੀਆਂ ਖਿਡਾਰਨਾਂ ਨੇ ਇਸ ਸਫ਼ਲਤਾ ਦਾ ਸਿਹਰਾ ਆਪਣੇ ਕੋਚ ਦੀ ਲਗਨ ਤੇ ਸਕੂਲ ਪ੍ਰਬੰਧਕਾਂ ਵਲੋਂ ਮਿਲੇ ਸਹਿਯੋਗ ਨੂੰ ਦਿੱਤਾ। ਇਸ ਮੌਕੇ ਸਕੂਲ ਚੇਅਰਮੈਨ ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ, ਐਗਜੀਕਿਊਟਿਵ ਡਾਇਰੈਕਟਰ ਗੁਰਜੀਤ ਸਿੰਘ ਬੈਂਸ, ਡਾਇਰੈਕਟਰ ਡਾ: ਗੁਰਵਿੰਦਰ ਕੌਰ ਮਾਨ ਤੇ ਪ੍ਰਿੰਸੀਪਲ ਡਾ: ਉਪਮਾ ਮਹਾਜਨ ਵਲੋਂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਤੇ ਉਨ੍ਹਾਂ ਦੇ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ।