ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ
ਬਟਾਲਾ, 2 ਅਗਸਤ (ਸਤਿੰਦਰ ਸਿੰਘ)-ਐੱਸ. ਐੱਸ.
ਬਟਾਲਾ, 2 ਅਗਸਤ (ਸਤਿੰਦਰ ਸਿੰਘ)-ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਖੇ ਯੂਨਿਟ-2 ਦੀ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ ਦੇ ਪ੍ਰਸ਼ਨ-ਪੱਤਰ ਮਾਪਿਆਂ ਨੂੰ ਵਿਖਾਏ ਗਏ ਤੇ ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਹੋਰ ਵਿਸ਼ਿਆਂ ਨਾਲ ਸੰਬੰਧਿਤ ਚਿੱਤਰ ਕਲਾ ਪ੍ਰਦਰਸ਼ਨੀ ਵੀ ਲਗਾਈ ਗਈ। ਵਿਗਿਆਨ ਵਿਸ਼ੇ ਅਧੀਨ ਸੂਰਜ ਮੰਡਲ ਦੇ ਆਕਰਸ਼ਕ ਮਾਡਲ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਆਪਣੇ-ਆਪਣੇ ਮਾਡਲਾਂ ਤੇ ਕਲਾਕ੍ਰਿਤੀਆਂ ਦੀ ਆਪਣੇ ਸ਼ਬਦਾਂ ’ਚ ਵਿਆਖਿਆ ਕੀਤੀ। ਸਕਿਲ ਵਿਸ਼ੇ ਨਾਲ ਸੰਬੰਧਿਤ ਵੀ ਸੁੰਦਰ ਤੇ ਰਚਨਾਤਮਕ ਮਾਡਲ ਤਿਆਰ ਕੀਤੇ ਗਏ। ਇਨ੍ਹਾਂ ਮਾਡਲਾਂ ਰਾਹੀਂ ਵਿਸ਼ਿਆਂ ਨੂੰ ਦਿਲਚਸਪ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਇਆ ਗਿਆ, ਜਿਸ ਦੀ ਮਾਪਿਆਂ ਨੇ ਭਰਪੂਰ ਸ਼ਲਾਘਾ ਕੀਤੀ। ਸਕੂਲ ਦੇ ਡਾਇਰੈਕਟਰ ਐਮ.ਐੱਲ. ਸ਼ਰਮਾ, ਪ੍ਰਿੰਸੀਪਲ ਅਮਿਤ ਸਿੰਘ ਨੋਗਾ ਤੇ ਉਪ-ਪ੍ਰਿੰਸੀਪਲ ਕਪਿਲ ਸ਼ਰਮਾ ਨੇ ਜੱਜਾਂ ਦੀ ਭੂਮਿਕਾ ਨਿਭਾਉਂਦਿਆਂ ਵਿਦਿਆਰਥੀਆਂ ਦੀ ਰਚਨਾਤਮਕਤਾ ਤੇ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ। ਸ੍ਰੀ ਐਮ.ਐੱਲ. ਸ਼ਰਮਾ ਨੇ ਕਿਹਾ ਕਿ ਸਕੂਲੀ ਸਿੱਖਿਆ ਵਿਚ ਮਾਪੇ-ਅਧਿਆਪਕ ਮਿਲਣੀ ਦਾ ਉਦੇਸ਼ ਮਾਪਿਆਂ ਤੇ ਅਧਿਆਪਕਾਂ ਨੂੰ ਇੱਕ ਮੰਚ ’ਤੇ ਲਿਆਉਣਾ ਹੈ ਤਾਂ ਜੋ ਉਹ ਬੱਚਿਆਂ ਦੀ ਪੜ੍ਹਾਈ, ਵਿਹਾਰ ਤੇ ਸਮੁੱਚੇ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕਰ ਸਕਣ। ਪ੍ਰਧਾਨ ਡਾ. ਰਾਜੇਸ਼ ਸ਼ਰਮਾ ਤੇ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਨੇ ਕਿਹਾ ਕਿ ਇਸ ਦੌਰਾਨ ਹਰ ਬੱਚੇ ਦੀ ਪੜ੍ਹਾਈ ’ਚ ਤਰੱਕੀ, ਸਿੱਖਣ ਦੀ ਗਤੀ, ਰੁਚੀਆਂ ਅਤੇ ਕਮਜ਼ੋਰੀਆਂ ਬਾਰੇ ਮਾਪਿਆਂ ਨਾਲ ਖੁੱਲ੍ਹ ਕੇ ਚਰਚਾ ਕੀਤੀ ਜਾਂਦੀ ਹੈ ਤਾਂ ਜੋ ਸਮੇਂ ਸਿਰ ਲੋੜੀਂਦੇ ਸੁਧਾਰਾਤਮਕ ਕਦਮ ਚੁੱਕੇ ਜਾ ਸਕਣ। ਪ੍ਰਿੰਸੀਪਲ ਅਮਿਤ ਸਿੰਘ ਨੋਗਾ ਨੇ ਕਿਹਾ ਕਿ ਅਧਿਆਪਕਾਂ ਦੀ ਇਹ ਉਮੀਦ ਰਹਿੰਦੀ ਹੈ ਕਿ ਮਾਪੇ ਬੱਚਿਆਂ ਨੂੰ ਨਿਯਮਿਤ ਤੌਰ ’ਤੇ ਸਕੂਲ ਭੇਜਣ, ਪੜ੍ਹਾਈ ਪ੍ਰਤੀ ਸਕਾਰਾਤਮਕ ਮਾਹੌਲ ਤਿਆਰ ਕਰਨ ਅਤੇ ਸਕੂਲ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ।