ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਧਿਰ ਵਲੋਂ ਦੂਸਰੀ ਧਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੋਲੀਆਂ ਵੀ ਚਲਾਈਆਂ
ਕਾਦੀਆਂ, 5 ਅਗਸਤ (ਹਰਦੀਪ ਸਿੰਘ ਸੰਧੂ)-ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਬੁੱਟਰ ਕਲਾਂ ਵਿਖੇ ਕੁੱਟਮਾਰ ਕਰਨ ਵਾਲਿਆਂ ਖਿਲਾਫ਼ ਸੇਖਵਾਂ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਫੂਲਾ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਬੁੱਟਰ ਕਲਾਂ ਨੇ ਦੱਸਿਆ ਕਿ ਉਹ ਘਰ ਮੌਜੂਦ ਸੀ ਕਿ ਉਸ ਦੇ ਲੜਕੇ ਦਮਨਦੀਪ ਸਿੰਘ ਨੇ ਰਾਤ ਕਰੀਬ 9:30 ਵਜੇ ਘਰ ਆ ਕੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਜਿਸ ਖੇਤ ਵਿਚ ਕਮਾਦ ਬੀਜਿਆ ਹੈ, ਉੱਥੇ ਟਰੈਕਟਰ ਚੱਲ ਰਹੇ ਹਨ ਤੇ ਲਾਇਟਾਂ ਪੈ ਰਹੀਆਂ ਹਨ।
ਕਾਦੀਆਂ, 5 ਅਗਸਤ (ਹਰਦੀਪ ਸਿੰਘ ਸੰਧੂ)-ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਬੁੱਟਰ ਕਲਾਂ ਵਿਖੇ ਕੁੱਟਮਾਰ ਕਰਨ ਵਾਲਿਆਂ ਖਿਲਾਫ਼ ਸੇਖਵਾਂ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਫੂਲਾ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਬੁੱਟਰ ਕਲਾਂ ਨੇ ਦੱਸਿਆ ਕਿ ਉਹ ਘਰ ਮੌਜੂਦ ਸੀ ਕਿ ਉਸ ਦੇ ਲੜਕੇ ਦਮਨਦੀਪ ਸਿੰਘ ਨੇ ਰਾਤ ਕਰੀਬ 9:30 ਵਜੇ ਘਰ ਆ ਕੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਜਿਸ ਖੇਤ ਵਿਚ ਕਮਾਦ ਬੀਜਿਆ ਹੈ, ਉੱਥੇ ਟਰੈਕਟਰ ਚੱਲ ਰਹੇ ਹਨ ਤੇ ਲਾਇਟਾਂ ਪੈ ਰਹੀਆਂ ਹਨ। ਫੂਲਾ ਸਿੰਘ ਨੇ ਦੱਸਿਆ ਕਿ ਜਦੋਂ ਉਹ, ਉਸ ਦਾ ਲੜਕਾ ਦਮਨਦੀਪ ਸਿੰਘ ਤੇ ਨੂੰਹ ਸੁਖਦੀਪ ਕੌਰ ਖੇਤ ਵੱਲ ਗਏ ਤਾਂ ਦੇਖਿਆ ਕਿ ਇਕ ਅਰਜਨ ਅਤੇ ਇਕ ਸੋਨਾਲੀਕਾ ਟਰੈਕਟਰ ਜਿਨ੍ਹਾਂ ਨੂੰ ਨੌਜਵਾਨ ਚਲਾ ਰਹੇ ਸਨ, ਉਹ ਕਮਾਦ ਦੀ ਫਸਲ ਵਾਹ ਰਹੇ ਸਨ। ਇਸ ਦੇ ਨਾਲ ਹੀ ਟਰੈਕਟਰਾਂ ਦੀਆਂ ਲਾਇਟਾਂ ਪੈਣ ’ਤੇ ਦੇਖਿਆ ਕਿ ਕਮਾਦ ਲਾਗੇ ਜਾਂਦੇ ਰਸਤੇ ’ਤੇ ਇਕ ਚਿੱਟੇ ਰੰਗ ਦੀ ਗੱਡੀ ਸਕਾਰੀਪੀਓ ਵਿਚ ਯਾਦਵਿੰਦਰ ਸਿੰਘ ਹਥਿਆਰ ਦਾਤਰ, ਗੁਰਕੀਰਤ ਸਿੰਘ ਹਥਿਆਰ ਬੇਸਬਾਲ, ਪ੍ਰਿਤਪਾਲ ਸਿੰਘ ਖਾਲੀ ਹੱਥ ਅਤੇ ਅਣਪਛਾਤੇ ਆਦਮੀ ਗੱਡੀ ਤੋਂ ਥੋੜਾ ਪਿੱਛੇ ਖੜੇ ਮੌਜੂਦ ਸਨ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਫਸਲ ਕਿਉਂ ਬਰਬਾਦ ਕਰ ਰਹੇ ਹੋ ਤਾਂ ਪ੍ਰਿਤਪਾਲ ਸਿੰਘ ਨੇ ਲਲਕਾਰਾ ਮਾਰਿਆ ਕਿ ਆਓ ਸਾਡੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਮਜ਼ਾ ਦੱਸ ਦਿੰਦੇ ਹਾਂ। ਇਸ ਦੌਰਾਨ ਯਾਦਵਿੰਦਰ ਸਿੰਘ ਨੇ ਦਾਤਰ ਨਾਲ ਵਾਰ ਕੀਤਾ, ਜੋ ਉਸ ਦੀ ਖੱਬੀ ਲੱਤ ’ਤੇ ਲੱਗਾ, ਫਿਰ ਗੁਰਕੀਰਤ ਸਿੰਘ ਨੇ ਬੇਸਬਾਲ ਨਾਲ ਵਾਰ ਕੀਤਾ। ਜਦੋਂ ਉਸ ਨੂੰ ਬਚਾਉਣ ਲਈ ਉਸ ਦੀ ਨੂੰਹ ਸੁਖਦੀਪ ਕੌਰ ਅੱਗੇ ਆਈ ਤਾਂ ਨਵਦੀਪ ਸਿੰਘ ਨੇ ਦਾਤਰ ਦਾ ਵਾਰ ਨੂੰਹ ’ਤੇ ਕੀਤਾ, ਜੋ ਉਸ ਦੀ ਖੱਬੀ ਲੱਤ ’ਤੇ ਲੱਗਾ, ਫਿਰ ਗੁਰਕੀਰਤ ਸਿੰਘ ਨੇ ਬੇਸਬਾਲ ਨੂੰ ਸੁਖਦੀਪ ਕੌਰ ਦੇ ਮੱਥੇ ਵਿਚ ਮਾਰਿਆ ਅਤੇ ਇਕ ਅਣਪਛਾਤੇ ਵਿਅਕਤੀ ਨੇ ਰਾਈਫਲ ਨਾਲ 2 ਗੋਲੀਆਂ ਵੀ ਚਲਾਈਆਂ ਤਾਂ ਲੜਕੇ ਨੇ ਕਮਾਦ ਦੇ ਖੇਤ ਵਿਚ ਲੰਮੇ ਪੈ ਕੇ ਆਪਣੀ ਜਾਨ ਬਚਾਈ। ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤੇ ਗੋਲੀਆਂ ਦੀ ਆਵਾਜ਼ ਸੁਣ ਕੇ ਉਸ ਦਾ ਸ਼ਰੀਕਾ ਤੇ ਹੋਰ ਲੋਕ ਇਕੱਠੇ ਹੋ ਗਏ ਤਾਂ ਇਸ ਦੌਰਾਨ ਯਾਦਵਿੰਦਰ ਸਿੰਘ ਤੇ ਉਸ ਦੇ ਸਾਥੀ ਟਰੈਕਟਰਾਂ ਤੇ ਗੱਡੀ ਸਮੇਤ ਮੌਕੇ ਤੋਂ ਚਲੇ ਗਏ। ਇਸ ਦੌਰਾਨ ਸਾਡੇ ਪਰਿਵਾਰਕ ਮੈਂਬਰਾਂ ਨੇ ਸਾਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਏਐਸਆਈ ਹਰਜਿੰਦਰ ਸਿੰਘ ਵਲੋਂ ਕਾਰਵਾਈ ਕਰਦਿਆਂ ਥਾਣਾ ਸੇਖਵਾਂ ਵਿਖੇ ਯਾਦਵਿੰਦਰ ਸਿੰਘ ਪੁੱਤਰ ਪ੍ਰਿਤਪਾਲ ਸਿੰਘ, ਗੁਰਕੀਰਤ ਸਿੰਘ ਪੁੱਤਰ ਯਾਦਵਿੰਦਰ ਸਿੰਘ, ਪ੍ਰਿਤਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ, ਨਵਦੀਪ ਸਿੰਘ ਪੁੱਤਰ ਚਰਨ ਸਿੰਘ (ਸਾਰੇ ਵਾਸੀ ਪਿੰਡ ਬੁੱਟਰ ਕਲਾਂ) ਦੇ ਖਿਲਾਫ਼ ਮੁਕੱਦਮਾ ਮਾਮਲਾ ਦਰਜ ਕਰ ਲਿਆ ਹੈ।