ਪੂਰਾ ਸਟਾਫ ਹੜਤਾਲ ’ਤੇ ਜਾਣ ਕਾਰਨ ਦਿਹਾਤੀ ਖੇਤਰ ਦੇ ਮੁਹੱਲਾ ਕਲੀਨਿਕਾਂ ਨੂੰ ਲੱਗੇ ਤਾਲੇ
ਗੁਰਦਾਸਪੁਰ, 26 ਅਗਸਤ (ਅਸ਼ੋਕ ਸ਼ਰਮਾ)-ਦਿਹਾਤੀ ਖੇਤਰ ਅੰਦਰ ਪੁਰਾਣਾ ਸ਼ਾਲਾ, ਗੋਹਤ ਪੋਖਰ ਸਮੇਤ ਹੋਰ ਪਿੰਡਾਂ ਅੰਦਰ ਸਥਿਤ ਮੁਹੱਲਾ ਕਲੀਨਿਕਾਂ ਦਾ ਸਮੂਹ ਸਟਾਫ ਹੜਤਾਲ ’ਤੇ ਜਾਣ ਕਾਰਨ ਸਾਰੇ ਹੀ ਮੁਹੱਲਾ ਕਲੀਨਿਕਾਂ ਨੂੰ ਤਾਲੇ ਲੱਗੇ ਹੋਏ ਹਨ। ਜਿਸ ਕਾਰਨ ਮਰੀਜਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੁਰਦਾਸਪੁਰ, 26 ਅਗਸਤ (ਅਸ਼ੋਕ ਸ਼ਰਮਾ)-ਦਿਹਾਤੀ ਖੇਤਰ ਅੰਦਰ ਪੁਰਾਣਾ ਸ਼ਾਲਾ, ਗੋਹਤ ਪੋਖਰ ਸਮੇਤ ਹੋਰ ਪਿੰਡਾਂ ਅੰਦਰ ਸਥਿਤ ਮੁਹੱਲਾ ਕਲੀਨਿਕਾਂ ਦਾ ਸਮੂਹ ਸਟਾਫ ਹੜਤਾਲ ’ਤੇ ਜਾਣ ਕਾਰਨ ਸਾਰੇ ਹੀ ਮੁਹੱਲਾ ਕਲੀਨਿਕਾਂ ਨੂੰ ਤਾਲੇ ਲੱਗੇ ਹੋਏ ਹਨ। ਜਿਸ ਕਾਰਨ ਮਰੀਜਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਨਾਮਾਤਰ ਤਨਖਾਹਾਂ ’ਤੇ ਕੰਮ ਕਰ ਰਹੇ ਹਨ ਤੇ ਸਰਕਾਰ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਜਿਸ ਕਾਰਨ ਸਮੂਹ ਸਟਾਫ ਨੂੰ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਮੁਹੱਲਾ ਕਲੀਨਿਕ ਸਟਾਫ ਨੂੰ ਪੱਕੇ ਕਰਨ, ਮੁਹੱਲਾ ਕਲੀਨਿਕਾਂ ’ਚ ਸਕਿਉਰਿਟੀ ਦੇਣ, ਡਾਕਟਰਾਂ ਨੂੰ ਤਜਰਬੇ ਦੇ ਆਧਾਰ ’ਤੇ ਪੱਕਾ ਕਰਕੇ ਸਰਕਾਰੀ ਡਾਕਟਰਾਂ ਵਾਂਗ ਸਾਰੀਆਂ ਸਹੂਲਤਾਂ ਦੇਣ ਆਦਿ ਸ਼ਾਮਿਲ ਹਨ, ਜਿਸ ਨਾਲ ਉਹ ਆਪਣੇ ਪਰਿਵਾਰਾਂ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕਣ। ਦੱਸਣਯੋਗ ਹੈ ਕਿ ਮੁਹੱਲਾ ਕਲੀਨਿਕਾਂ ਨੂੰ ਤਾਲੇ ਲੱਗੇ ਹੋਣ ਕਾਰਨ ਬਿਮਾਰ ਲੋਕ ਬਿਨਾਂ ਦਵਾਈ ਲਏ ਵਾਪਸ ਮੁੜ ਰਹੇ ਹਨ ਅਤੇ ਪੰਜਾਬ ਸਰਕਾਰ ਨੂੰ ਕੋਸ ਰਹੇ ਹਨ।