ਗੁਰਦਾਸਪੁਰ ਦੀ ਮਾਣਯੋਗ ਅਦਾਲਤ ਵਲੋਂ ਨਸ਼ਾ ਤਸਕਰੀ ਦੇ ਵੱਡੇ ਮਾਮਲੇ ’ ਚ 5 ਮੁਲਜ਼ਮ ਬਰੀ
ਗੁਰਦਾਸਪੁਰ, 22 ਸਤੰਬਰ (ਗੁਰਪ੍ਰਤਾਪ ਸਿੰਘ)-ਐਡੀਸ਼ਨਲ ਸੈਸ਼ਨਜ਼ ਜੱਜ ਗੁਰਦਾਸਪੁਰ ਰਾਜੀਵ ਪਾਲ ਸਿੰਘ ਚੀਮਾ ਦੀ ਮਾਣਯੋਗ ਅਦਾਲਤ ਵਲੋਂ ਨਾਰਕੋਟਿਕਸ ਕੰਟਰੋਲ ਬਿਊਰੋ ਅੰਮ੍ਰਿਤਸਰ ਨਾਲ ਸਬੰਧਿਤ ਇਕ ਅਹਿਮ ਐਨ. ਡੀ.
ਗੁਰਦਾਸਪੁਰ, 22 ਸਤੰਬਰ (ਗੁਰਪ੍ਰਤਾਪ ਸਿੰਘ)-ਐਡੀਸ਼ਨਲ ਸੈਸ਼ਨਜ਼ ਜੱਜ ਗੁਰਦਾਸਪੁਰ ਰਾਜੀਵ ਪਾਲ ਸਿੰਘ ਚੀਮਾ ਦੀ ਮਾਣਯੋਗ ਅਦਾਲਤ ਵਲੋਂ ਨਾਰਕੋਟਿਕਸ ਕੰਟਰੋਲ ਬਿਊਰੋ ਅੰਮ੍ਰਿਤਸਰ ਨਾਲ ਸਬੰਧਿਤ ਇਕ ਅਹਿਮ ਐਨ.ਡੀ.ਪੀ.ਐਸ ਮਾਮਲੇ ਵਿਚ ਪੰਜ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ। ਮੁਲਜ਼ਮਾਂ ਵਲੋਂ ਪ੍ਰਸਿੱਧ ਫੌਜਦਾਰੀ ਵਕੀਲ ਹਰਦੇਸ਼ਵਰ ਸਿੰਘ ਜੰਜੂਆ ਵਲੋਂ ਮਾਮਲੇ ਦੀ ਪੈਰਵੀ ਕੀਤੀ ਗਈ। ਇਹ ਮਾਮਲਾ ਨਾਰਕੋਟਿਕਸ ਕੰਟਰੋਲ ਬਿਊਰੋ ਨਾਲ ਸਬੰਧਿਤ ਹੈ, ਜਿਸ ਵਿਚ ਐਨ.ਡੀ.ਪੀ.ਐਸ ਐਕਟ 1985 ਦੀਆਂ ਧਾਰਾਵਾਂ 8, 18, 21, 23, 28, 29 ਅਤੇ 30 ਤਹਿਤ ਕਾਰਵਾਈ ਕੀਤੀ ਗਈ ਸੀ। ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸ਼ਿਕਾਇਤ ’ਚ ਹਰਨੇਕ ਮਸੀਹ ਪੁੱਤਰ ਇਨਾਇਤ ਮਸੀਹ, ਪਤਰਸ ਮਸੀਹ ਪੁੱਤਰ ਖਾਜਨ ਮਸੀਹ, ਲੱਕੀ ਤੇਜਾ ਪੁੱਤਰ ਮਾਨਾ ਮਸੀਹ, ਹਰਦੀਪ ਸਿੰਘ ਪੁੱਤਰ ਅਜੀਤ ਸਿੰਘ ਤੇ ਰਾਜਵੰਤ ਸਿੰਘ ਪੁੱਤਰ ਹਰਬੰਸ ਸਿੰਘ ਨੂੰ ਦੋਸ਼ੀ ਬਣਾਇਆ ਗਿਆ ਸੀ। ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸ਼ਿਕਾਇਤ ਅਨੁਸਾਰ 28 ਜਨਵਰੀ 2022 ਨੂੰ ਬੀ.ਐਸ.ਐਫ ਵਲੋਂ 47 ਪੈਕਟ, ਜਿਨ੍ਹਾਂ ਵਿਚ 53.830 ਕਿਲੋ ਸ਼ੱਕੀ ਹੈਰੋਇਨ ਦੱਸੀ ਗਈ, ਅਧਿਕਾਰੀਆਂ ਦੇ ਹਵਾਲੇ ਕੀਤੇ ਗਏ ਸਨ। ਇਸ ਤੋਂ ਇਲਾਵਾ 7 ਛੋਟੇ ਪੈਕਟ ਸ਼ੱਕੀ ਅਫੀਮ, ਹਥਿਆਰ, ਗੋਲਾ-ਬਾਰੂਦ ਤੇ ਹੋਰ ਸਾਮਾਨ ਵੀ ਬਰਾਮਦ ਹੋਣ ਦਾ ਜ਼ਿਕਰ ਸੀ। ਕੇਸ ਦੇ ਰਿਕਾਰਡ ਅਨੁਸਾਰ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਦੇ ਸੈਂਪਲ ਕੈਮੀਕਲ ਜਾਂਚ ਲਈ ਭੇਜੇ ਗਏ ਸਨ ਤੇ ਰਿਕਾਰਡ ਵਿਚ ਦਰਜ ਕੈਮੀਕਲ ਰਿਪੋਰਟ ’ਚ ਸੈਂਪਲ ਵਿਚ ਹੈਰੋਇਨ ਅਤੇ ਹੋਰ ਸਬੰਧਿਤ ਪਦਾਰਥਾਂ ਦੀ ਪੁਸ਼ਟੀ ਹੋਈ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਮੁਲਜ਼ਮਾਂ ਵਲੋਂ ਪ੍ਰਸਿੱਧ ਫੌਜਦਾਰੀ ਵਕੀਲ ਹਰਦੇਸ਼ਵਰ ਸਿੰਘ ਜੰਜੂਆ ਨੇ ਅਦਾਲਤ ਸਾਹਮਣੇ ਵਿਸਥਾਰ ਪੂਰਵਕ ਕਾਨੂੰਨੀ ਦਲੀਲਾਂ ਪੇਸ਼ ਕੀਤੀਆਂ ਤੇ ਪ੍ਰੋਸੀਕਿਊਸ਼ਨ ਵਲੋਂ ਪੇਸ਼ ਕੀਤੇ ਮਾਮਲੇ ਅਤੇ ਸਬੂਤਾਂ ’ਤੇ ਜ਼ੋਰਦਾਰ ਪੈਰਵੀ ਕੀਤੀ। ਮਾਮਲੇ ਦੀ ਸੁਣਵਾਈ ਪੂਰੀ ਹੋਣ ਉਪਰੰਤ ਮਾਣਯੋਗ ਐਡੀਸ਼ਨਲ ਸੈਸ਼ਨਜ ਜੱਜ ਗੁਰਦਾਸਪੁਰ ਰਾਜੀਵ ਪਾਲ ਸਿੰਘ ਚੀਮਾ ਵਲੋਂ ਵਕੀਲ ਹਰਦੇਸ਼ਵਰ ਸਿੰਘ ਜੰਜੂਆ ਵਲੋਂ ਦਿੱਤੀਆਂ ਦਲੀਲਾਂ ਨਾਲ ਸਹਿਮਤੀ ਜਿਤਾਉਂਦੇ ਹੋਏ ਪੰਜੋਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ।