ਜਹਾਜ਼ ਚੌਕ ਤੋਂ ਪੰਚਾਇਤ ਭਵਨ ਨੂੰ ਜਾਂਦੀ ਸੜਕ ਦੀ ਹਾਲਤ ਖਸਤਾ-ਰਾਹਗੀਰ ਪ੍ਰੇਸ਼ਾਨ
ਗੁਰਦਾਸਪੁਰ, 21 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਜਹਾਜ ਚੌਕ ਤੋਂ ਪੰਚਾਇਤ ਭਵਨ ਨੂੰ ਜਾਣ ਵਾਲੀ ਸੜਕ ’ਤੇ ਬੱਜਰੀ ਉਖੜ ਕੇ ਸੜਕ ਵਿਚਕਾਰ ਥਾਂ-ਥਾਂ ਟੋਏ ਪੈ ਚੁੱਕੇ ਹਨ। ਜਿਸ ਕਾਰਨ ਇਥੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।
ਗੁਰਦਾਸਪੁਰ, 21 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਜਹਾਜ ਚੌਕ ਤੋਂ ਪੰਚਾਇਤ ਭਵਨ ਨੂੰ ਜਾਣ ਵਾਲੀ ਸੜਕ ’ਤੇ ਬੱਜਰੀ ਉਖੜ ਕੇ ਸੜਕ ਵਿਚਕਾਰ ਥਾਂ-ਥਾਂ ਟੋਏ ਪੈ ਚੁੱਕੇ ਹਨ। ਜਿਸ ਕਾਰਨ ਇਥੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਇਸ ਸੜਕ ਨੂੰ ਬਣਾਉਣ ਲਈ ਪੰਜਾਬ ਸਰਕਾਰ ਵਲੋਂ 31 ਮਾਰਚ ਦਾ ਟੀਚਾ ਮਿੱਥਿਆ ਗਿਆ ਸੀ ਜੋ ਨਹੀਂ ਬਣਾਈ ਗਈ। ਇਹ ਸਪੱਸਟ ਨਹੀਂ ਹੋ ਸਕਿਆ ਕਿ ਇਸ ਸੜਕ ਨੂੰ ਬਣਾਉਣ ਦਾ ਜਿੰਮਾ ਕਿਸ ਮਹਿਕਮੇ ਦੇ ਕੋਲ ਹੈ। ਇਸ ਪਾਸੇ ਸਬੰਧਿਤ ਵਿਭਾਗ ਦਾ ਧਿਆਨ ਨਾ ਹੋਣ ਕਰਕੇ ਲੋਕਾਂ ਦਾ ਵਿਭਾਗ ਪ੍ਰਤੀ ਭਾਰੀ ਰੋਸ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਹ ਸੜਕ ਪੰਚਾਇਤ ਭਵਨ ਨੂੰ ਜਾਂਦੀ ਹੈ ਜਿੱਥੇ ਆਏ ਦਿਨ ਮੰਤਰੀ ਤੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਆਉਂਦੇ-ਜਾਂਦੇ ਹਨ। ਇਸ ਸੜਕ ’ਤੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲਿਸ ਮੁਖੀ ਤੇ ਜ਼ਿਲ੍ਹਾ ਸੈਸ਼ਨ ਜੱਜ ਦੀ ਰਿਹਾਇਸ਼ ਵੀ ਹੈ। ਇਸ ਸੜਕ ਨੂੰ ਵੀ.ਵੀ.ਆਈ.ਪੀ ਸੜਕ ਵੀ ਕਿਹਾ ਜਾ ਸਕਦਾ ਹੈ। ਇਸ ਸੜਕ ’ਤੇ ਇਕ ਨਿੱਜੀ ਸਕੂਲ ਵੀ ਹੈ, ਜਿਥੇ ਵੱਡੀ ਗਿਣਤੀ ’ਚ ਬੱਚੇ ਪੜ੍ਹਨ ਲਈ ਜਾਂਦੇ ਹਨ ਤੇ ਇਹ ਸੜਕ ਮਿਲਟਰੀ ਏਰੀਏ ਨਾਲ ਵੀ ਜੁੜੀ ਹੋਈ ਹੈ। ਇਸ ਤੋਂ ਇਲਾਵਾ ਇਸ ਸੜਕ ਰਾਹੀਂ ਸ਼ਹਿਰ ਦੀ ਮਸ਼ਹੂਰ ਸੈਰਗਾਹ ਫਿਸ਼ ਪਾਰਕ ਵਿਖੇ ਲੋਕ ਸਵੇਰ-ਸ਼ਾਮ ਸੈਰ ਕਰਨ ਲਈ ਜਾਂਦੇ ਹਨ। ਖ਼ਾਸ ਕਰਕੇ ਬਜ਼ੁਰਗਾਂ ਦਾ ਇਸ ਸੜਕ ਰਾਹੀਂ ਦੋ ਪਹੀਆ ਵਾਹਨ ਤੋਂ ਡਿੱਗਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਸ਼ਹਿਰ ਵਾਸੀਆਂ ਨੇ ਲੋਕ ਨਿਰਮਾਣ ਵਿਭਾਗ ਪਾਸੋਂ ਮੰਗ ਕੀਤੀ ਕਿ ਇਸ ਸੜਕ ਦੀ ਮੁਰੰਮਤ ਪਹਿਲ ਦੇ ਅਧਾਰ ’ਤੇ ਕਰਵਾਈ ਜਾਵੇ ਤਾਂ ਜੋ ਵਾਹਨ ਚਾਲਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਜਦੋਂ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਲਵਜੀਤ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।