ਪ੍ਰੋਫੈਸਰਾਂ ਨਾਲ ਧੱਕੇਸ਼ਾਹੀ ਵਿਰੁੱਧ ਬੇਰਿੰਗ ਕਾਲਜ ਦੇ ਪ੍ਰਬੰਧਕਾਂ ਵਿਰੁੱਧ ਯੂਨੀਅਨ ਵਲੋਂ ਰੋਸ ਧਰਨਾ
7 ਵੇਂ ਤਨਖ਼ਾਹ ਕਮਿਸ਼ਨ ਦਾ ਪੂਰਾ ਲਾਭ ਦੇਣ ਦੀ ਮੰਗ ਨੂੰ ਲੈ ਕੇ 3 ਪ੍ਰੋਫੈਸਰਾਂ ਦੇ ਹੱਕ ’ਚ ਉੱਠੀ ਪੁਰਜ਼ੋਰ ਆਵਾਜ਼
ਬਟਾਲਾ, 26 ਅਕਤੂਬਰ (ਸਤਿੰਦਰ ਸਿੰਘ)-ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਵਿਖੇ 3 ਪ੍ਰੋਫੈਸਰਾਂ ਨੂੰ 7ਵੇਂ ਤਨਖ਼ਾਹ ਕਮਿਸ਼ਨ ਦਾ ਪੂਰਾ ਲਾਭ ਨਾ ਦਿੱਤੇ ਜਾਣ ਦੇ ਵਿਰੋਧ ’ਚ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ. ਸੀ.
ਬਟਾਲਾ, 26 ਅਕਤੂਬਰ (ਸਤਿੰਦਰ ਸਿੰਘ)-ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਵਿਖੇ 3 ਪ੍ਰੋਫੈਸਰਾਂ ਨੂੰ 7ਵੇਂ ਤਨਖ਼ਾਹ ਕਮਿਸ਼ਨ ਦਾ ਪੂਰਾ ਲਾਭ ਨਾ ਦਿੱਤੇ ਜਾਣ ਦੇ ਵਿਰੋਧ ’ਚ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ) ਦੇ ਸੱਦੇ ’ਤੇ ਮੈਂਬਰਾਂ ਵਲੋਂ ਕਾਲਜ ਪ੍ਰਬੰਧਕਾਂ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਪ੍ਰਬੰਧਕਾਂ ਤੋਂ ਮੰਗ ਕੀਤੀ ਕਿ ਸਬੰਧਤ 3 ਪ੍ਰੋਫੈਸਰਾਂ ਨੂੰ ਤੁਰੰਤ 7ਵੇਂ ਤਨਖ਼ਾਹ ਕਮਿਸ਼ਨ ਦਾ ਪੂਰਾ ਲਾਭ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਕਾਲਜ ਦੇ ਕੰਪਿਉਟਰ ਸਾਇੰਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਵਿਭਾਗ ਦੇ ਪ੍ਰੋ. ਹਰਪ੍ਰਭਦੀਪ ਸਿੰਘ, ਪ੍ਰੋ. ਜਗਦੀਪ ਸਿੰਘ ਤੇ ਪ੍ਰੋ. ਮਨਦੀਪ ਸੰਧੂ ਲਗਭਗ 18-19 ਸਾਲਾਂ ਤੋਂ ਕਾਲਜ ਵਿਚ ਆਪਣੀਆਂ ਸੇਵਾਵਾਂ ਬਤੌਰ ਪੱਕੇ ਤੌਰ ’ਤੇ ਨਿਯੁਕਤ ਹੋਣ ਤੋਂ ਬਾਅਦ ਦੇ ਰਹੇ ਹਨ। ਉਨ੍ਹਾਂ ਦੇ ਅਨੁਸਾਰ ਕਾਲਜ ਪ੍ਰਬੰਧਕਾਂ ਵਲੋਂ ਇਨ੍ਹਾਂ ਪ੍ਰੋਫੈਸਰਾਂ ਨੂੰ 18-19 ਸਾਲਾਂ ਤੋਂ ਤਨਖ਼ਾਹ ਦੇ ਸਾਰੇ ਸਕੇਲ ਨਿਯਮਾਂ ਅਨੁਸਾਰ ਦਿੱਤੇ ਜਾ ਰਹੇ ਸਨ, ਪਰ 2 ਸਾਲਾਂ ਤੋਂ 7ਵੇਂ ਤਨਖ਼ਾਹ ਕਮਿਸ਼ਨ ਦਾ ਪੂਰਾ ਲਾਭ ਨਹੀਂ ਦਿੱਤਾ ਜਾ ਰਿਹਾ। ਯੂਨੀਅਨ ਦੇ ਸਥਾਨਕ ਯੂਨਿਟ ਸਕੱਤਰ ਡਾ. ਲਲਿਤ ਕੁਮਾਰ ਤੇ ਜ਼ਿਲ੍ਹਾ ਪ੍ਰਧਾਨ ਪ੍ਰੋ. ਪਰਮਿੰਦਰਜੀਤ ਕੌਰ ਨੇ ਕਿਹਾ ਕਿ ਕਾਲਜ ਦੇ ਬਾਕੀ ਪ੍ਰੋਫੈਸਰਾਂ ਨੂੰ ਫਰਵਰੀ 2025 ’ਚ 7ਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਦਿੱਤਾ ਜਾ ਚੁੱਕਾ ਹੈ, ਜਦਕਿ ਇਨ੍ਹਾਂ 3 ਪ੍ਰੋਫੈਸਰਾਂ ਨੂੰ ਇਸ ਤੋਂ ਵਾਂਝਾ ਕਿਉਂ ਰੱਖਿਆ ਗਿਆ? ਜਦਕਿ ਇਹ ਪ੍ਰੋਫ਼ੈਸਰ ਵੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕਾਲਜ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਯਮਾਂ ਤਹਿਤ ਇਨ੍ਹਾਂ ਪ੍ਰੋਫ਼ੈਸਰਾਂ ਨੂੰ 7ਵੇਂ ਤਨਖ਼ਾਹ ਕਮਿਸ਼ਨ ਦਾ ਪੂਰਾ ਲਾਭ ਮਿਲਣਾ ਚਾਹੀਦਾ ਹੈ। ਧਰਨੇ ’ਚ ਮੌਜ਼ੂਦ ਯੂਨੀਅਨ ਦੇ ਸਾਰੇ ਕਾਰਕੁੰਨਾਂ ਨੇ ਕਾਲਜ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤਿੰਨਾਂ ਪ੍ਰੋਫ਼ੈਸਰਾਂ ਦੀ ਮੰਗ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਇਕ ਪੀਰੀਅਡ ਦੇ ਧਰਨੇ ਦੌਰਾਨ ਯੂਨੀਅਨ ਦੇ ਸਾਰੇ ਮੈਂਬਰਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਧਰਨੇ ਵਿਚ ਪ੍ਰੋ. ਨਰਿੰਦਰ ਸਿੰਘ, ਡਾ. ਰਾਜਨ ਚੌਧਰੀ, ਪ੍ਰੋ. ਰਾਜੀਵ ਮੈਕਮੂਲਨ, ਡਾ. ਰਜਨੀ ਬਾਲਾ, ਪ੍ਰੋ. ਨੀਰਜ ਕੁਮਾਰ ਸ਼ਰਮਾ, ਡਾ. ਜਤਿੰਦਰਪਾਲ ਸਿੰਘ, ਡਾ. ਅਮਿਤਾ, ਡਾ. ਸਵਿਤਾ, ਪ੍ਰੋ. ਅਨੂ, ਡਾ. ਅੰਜੂ ਪੁਰੀ, ਪ੍ਰੋ. ਹਰਪ੍ਰਭਦੀਪ ਸਿੰਘ, ਪ੍ਰੋ. ਜਗਦੀਪ ਸਿੰਘ, ਡਾ. ਜਤਿੰਦਰ ਘਈ, ਪ੍ਰੋ. ਅਸ਼ਵਨੀ ਕੁਮਾਰ, ਡਾ. ਈਸ਼ਾ ਲੂੰਬ, ਪ੍ਰੋ. ਸਤਪਾਲ ਸਿੰਘ, ਪ੍ਰੋ. ਅਲਕਾ ਬਮੋਤਰਾ, ਡਾ. ਰਿਤੂ ਪਾਂਧੀ, ਪ੍ਰੋ. ਕਿਰਨਦੀਪ ਕੌਰ ਆਦਿ ਮੌਜੂਦ ਸਨ।