ਗੁਰਦਾਸਪੁਰ ਦੇ ਹਨੂੰਮਾਨ ਚੌਕ ’ਚੋਂ ਲੋਕਾਂ ਦਾ ਲੰਘਣਾ ਹੋਇਆ ਔਖਾ
ਸੜਕ ਕੰਢੇ ਲੱਗੀਆਂ ਰੇਹੜੀਆਂ ਨੇ ਘੇਰੀ ਜਗ੍ਹਾ
ਗੁਰਦਾਸਪੁਰ, 5 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਹਨੂੰਮਾਨ ਚੌਕ ਵਿਚ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਕੋਈ ਪ੍ਰਬੰਧਕ ਨਾ ਹੋਣ ਕਰਕੇ ਇੱਥੇ ਸਾਰਾ ਦਿਨ ਭੀੜ ਭੜੱਕਾ ਲੱਗਾ ਰਹਿੰਦਾ ਹੈ ਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਬੜੀ ਮੁਸ਼ਕਿਲ ਨਾਲ ਇਹ ਚੌਕ ਪਾਰ ਕਰਨਾ ਪੈਂਦਾ ਹੈ । ਇਸ ਚੌਕ ਵਿਚੋਂ ਇਕ ਸੜਕ ਲਾਇਬ੍ਰੇਰੀ ਚੌਕ, ਦੂਜੀ ਸੜਕ ਜਹਾਜ਼ ਚੌਕ, ਤੀਸਰੀ ਸੜਕ ਨਵੇਂ ਬੱਸ ਅੱਡੇ ਅਤੇ ਚੌਥੀ ਸੜਕ ਗੀਤਾ ਭਵਨ ਰੋਡ ਨੂੰ ਜਾਂਦੀ ਹੈ ।
ਗੁਰਦਾਸਪੁਰ, 5 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਹਨੂੰਮਾਨ ਚੌਕ ਵਿਚ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਕੋਈ ਪ੍ਰਬੰਧਕ ਨਾ ਹੋਣ ਕਰਕੇ ਇੱਥੇ ਸਾਰਾ ਦਿਨ ਭੀੜ ਭੜੱਕਾ ਲੱਗਾ ਰਹਿੰਦਾ ਹੈ ਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਬੜੀ ਮੁਸ਼ਕਿਲ ਨਾਲ ਇਹ ਚੌਕ ਪਾਰ ਕਰਨਾ ਪੈਂਦਾ ਹੈ ।ਇਸ ਚੌਕ ਵਿਚੋਂ ਇਕ ਸੜਕ ਲਾਇਬ੍ਰੇਰੀ ਚੌਕ, ਦੂਜੀ ਸੜਕ ਜਹਾਜ਼ ਚੌਕ, ਤੀਸਰੀ ਸੜਕ ਨਵੇਂ ਬੱਸ ਅੱਡੇ ਅਤੇ ਚੌਥੀ ਸੜਕ ਗੀਤਾ ਭਵਨ ਰੋਡ ਨੂੰ ਜਾਂਦੀ ਹੈ । ਇਹ ਚੌਕ ਸ਼ਹਿਰ ਦੀ ਹੱਬ ਵਜੋਂ ਕੰਮ ਕਰਦਾ ਹੈ । ਇਸ ਚੌਕ ਦੇ ਆਲੇ ਦੁਆਲੇ ਫਲ ਫਰੂਟ ਤੋਂ ਇਲਾਵਾ ਸਬਜ਼ੀਆਂ ਅਤੇ ਹੋਰ ਖ਼ਾਣ ਪੀਣ ਵਾਲੇ ਰੇਹੜੀਆਂ ਵਾਲਿਆਂ ਨੇ ਸੜਕ ਕੰਢੇ ਸਾਰੀ ਜਗ੍ਹਾ ਮੱਲੀ ਹੋਈ ਹੈ । ਇਸ ਪਾਸੇ ਨਗਰ ਕੌਂਸਲ ਗੁਰਦਾਸਪੁਰ ਅਤੇ ਪੁਲਿਸ ਪ੍ਰਸ਼ਾਸਨ ਦਾ ਧਿਆਨ ਨਾ ਹੋਣ ਕਰਕੇ ਲੋਕਾਂ ਦਾ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਇਸ ਚੌਕ ਵਿਚ ਆਏ ਦਿਨ ਹਾਦਸੇ ਵੀ ਵਾਪਰਦੇ ਰਹਿੰਦੇ ਹਨ ਅਤੇ ਲੋਕ ਆਪਸ ਵਿਚ ਲੜਾਈ ਝਗੜੇ ਕਰਦੇ ਨਜ਼ਰ ਆਉਂਦੇ ਹਨ । ਇਸ ਤੋਂ ਇਲਾਵਾ ਇਸ ਚੌਕ ਵਿਚ ਕੋਈ ਟਰੈਫ਼ਿਕ ਲਾਈਟ ਵੀ ਨਹੀਂ ਲਗਾਈ ਗਈ ਜਦੋਂਕਿ ਸ਼ਹਿਰ ਦੇ ਬਾਕੀ ਚੌਕਾਂ ਵਿਚ ਟਰੈਫ਼ਿਕ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ । ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਚੌਕ ਵਿਚ ਟਰੈਫ਼ਿਕ ਲਾਈਟਾਂ ਲੱਗ ਜਾਣ ਤਾਂ ਕਾਫ਼ੀ ਹੱਦ ਤੱਕ ਇਸ ਸੜਕ ਤੋਂ ਗੁਜ਼ਰਨਾ ਸੌਖਾ ਹੋ ਸਕਦਾ ਹੈ। ਇਸ ਚੌਕ ਵਿਚ ਪੁਲਿਸ ਦਾ ਕੋਈ ਕਰਮਚਾਰੀ ਵੀ ਤਾਇਨਾਤ ਨਹੀਂ ਹੁੰਦਾ ਜੋ ਇੱਥੋਂ ਟਰੈਫ਼ਿਕ ਨੂੰ ਸੁਚਾਰੂ ਰੂਪ ਵਿਚ ਚਾਲੂ ਰੱਖੇ। ਜ਼ਿਕਰਯੋਗ ਹੈ ਕਿ ਕੁਝ ਵਾਹਨ ਚਾਲਕ ਆਪਣੀਆਂ ਕਾਰਾਂ ਨੂੰ ਦੁਕਾਨਾਂ ਅੱਗੇ ਸੜਕ ਕੰਢੇ ਖੜੀਆਂ ਕਰਕੇ ਆਪ ਬਾਜ਼ਾਰ ਅੰਦਰ ਸਾਮਾਨ ਖ਼ਰੀਦਣ ਚਲੇ ਜਾਂਦੇ ਹਨ ਅਤੇ ਹੋਰਨਾਂ ਵਾਹਨਾਂ ਨੂੰ ਲੰਘਣ ਲਈ ਜਗ੍ਹਾ ਨਹੀਂ ਮਿਲਦੀ, ਜਿਸ ਕਰਕੇ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਹਨੂੰਮਾਨ ਚੌਕ ਵਿਚ ਲੱਗੀਆਂ ਰੇਹੜੀਆਂ ਨੂੰ ਚੁੱਕਵਾਉਣ ਤੋਂ ਇਲਾਵਾ ਇੱਥੇ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਪੁਲਿਸ ਦਾ ਪੱਕਾ ਕਰਮਚਾਰੀ ਤਾਇਨਾਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਇਸ ਮੁਸ਼ਕਿਲ ਤੋਂ ਰਾਹਤ ਮਿਲ ਸਕੇ ।