ਸ਼ੇਖਪੁਰ ਸਕੂਲ ਦੀ ਐਸ਼ਮੀਤ ਕੌਰ ਦੇ ਵਿਗਿਆਨ ਮਾਡਲ ਦੀ ਹੋਈ ਰਾਜ ਪੱਧਰ ਲਈ ਚੋਣ
ਜ਼ਿਲ੍ਹਾ ਪੱਧਰ ’ਤੇ ਪਹਿਲਾ ਤੇ ਦੂਜਾ ਸਥਾਨ ਹਾਸਿਲ ਕਰ ਕੇ ਵਿਦਿਆਰਥੀਆਂ ਨੇ ਚਮਕਾਇਆ ਸਕੂਲ ਦਾ ਨਾਂਅ
ਬਟਾਲਾ, 21 ਨਵੰਬਰ (ਸਤਿੰਦਰ ਸਿੰਘ)-ਪੀ. ਐਮ.
ਬਟਾਲਾ, 21 ਨਵੰਬਰ (ਸਤਿੰਦਰ ਸਿੰਘ)-ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ (ਗੁਰਦਾਸਪੁਰ) ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨੀ ’ਚ ਵਿਦਿਆਰਥਣ ਐਸ਼ਮੀਤ ਕੌਰ ਵਲੋਂ ਪੇਸ਼ ਕੀਤੇ ਗਏ ਵਿਗਿਆਨ ਮਾਡਲ ਦੀ ਰਾਜ ਪੱਧਰੀ ਮੁਕਾਬਲੇ ਲਈ ਚੋਣ ਹੋਣਾ ਸਕੂਲ ਲਈ ਵਿਸ਼ੇਸ਼ ਮਾਣ ਵਾਲੀ ਗੱਲ ਹੈ। 6ਵੀਂ ਤੋਂ 8ਵੀਂ ਜਮਾਤ ਦੇ ਵਰਗ ਵਿਚ ‘ਪੇਂਡੂ ਬਦਲਾਅ ਲਈ ਵਿਗਿਆਨ’ ਵਿਸ਼ੇ ਅਧੀਨ ਐਸ਼ਮੀਤ ਕੌਰ ਨੇ ਜ਼ਿਲ੍ਹਾ ਪੱਧਰ ’ਤੇ 19 ਮਾਡਲਾਂ ਨੂੰ ਪਛਾੜਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਸਦਕਾ ਹੁਣ ਉਸ ਦੇ ਮਾਡਲ ਦੀ ਰਾਜ ਪੱਧਰੀ ਮੁਕਾਬਲੇ ਲਈ ਚੋਣ ਹੋ ਗਈ ਹੈ, ਜਿੱਥੇ ਉਹ ਸਕੂਲ ਅਤੇ ਜ਼ਿਲ੍ਹੇ ਦੀ ਨੁਮਾਇੰਦਗੀ ਕਰੇਗੀ। ਇਸ ਮਾਡਲ ਦੀ ਤਿਆਰੀ ਵਿਚ ਅਧਿਆਪਕਾ ਨੀਤਿਕਾ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸੇ ਤਰ੍ਹਾਂ 9ਵੀਂ ਤੋਂ 10ਵੀਂ ਜਮਾਤ ਦੇ ਵਰਗ ਵਿਚ ‘ਪੇਂਡੂ ਬਦਲਾਅ ਲਈ ਵਿਗਿਆਨ’ ਵਿਸ਼ੇ ਅਧੀਨ ਅਧਿਆਪਕ ਅੰਕਿਤਾ ਮਹਾਜਨ ਦੀ ਅਗਵਾਈ ਹੇਠ ਦਿਲਨੂਰ ਕੌਰ ਨੇ ਜ਼ਿਲ੍ਹਾ ਪੱਧਰ ’ਤੇ ਦੂਜਾ ਸਥਾਨ ਹਾਸਲ ਕੀਤਾ। ਪ੍ਰਿੰ. ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਕਈ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕੀਤੀਆਂ ਸਨ। 6ਵੀਂ ਤੋਂ 8ਵੀਂ ਜਮਾਤ ਦੇ ਵਰਗ ਵਿਚ ‘ਆਫ਼ਤ ਪ੍ਰਬੰਧਨ’ ਵਿਸ਼ੇ ਉੱਤੇ ਪ੍ਰਨੀਤ ਕੌਰ ਨੇ ਦੂਜਾ ਸਥਾਨ, ‘ਪੇਂਡੂ ਬਦਲਾਅ ਲਈ ਵਿਗਿਆਨ’ ਵਿਸ਼ੇ ਉੱਤੇ ਐਸ਼ਮੀਤ ਕੌਰ ਨੇ ਪਹਿਲਾ ਸਥਾਨ ਅਤੇ ‘ਹਰਿਤ ਊਰਜਾ’ ਵਿਸ਼ੇ ਉੱਤੇ ਜਸਮੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਨ੍ਹਾਂ ਵਿਦਿਆਰਥੀਆਂ ਦੀ ਤਿਆਰੀ ਵਿਚ ਅਧਿਆਪਕਾਂ ਨੀਤਿਕਾ ਸ਼ਰਮਾ ਅਤੇ ਸ੍ਰੀ ਰਾਜਨ ਦਾ ਯੋਗਦਾਨ ਰਿਹਾ। ਇਸੇ ਤਰ੍ਹਾਂ 9ਵੀਂ ਤੋਂ 10ਵੀਂ ਜਮਾਤ ਦੇ ਵਰਗ ਵਿਚ ‘ਪੇਂਡੂ ਬਦਲਾਅ ਲਈ ਵਿਗਿਆਨ’ ਵਿਸ਼ੇ ਉੱਤੇ ਦਿਲਨੂਰ ਕੌਰ ਨੇ ਪਹਿਲਾ ਸਥਾਨ, ‘ਆਫ਼ਤ ਪ੍ਰਬੰਧਨ’ ਵਿਸ਼ੇ ਉੱਤੇ ਅਰਸ਼ਦੀਪ ਕੌਰ ਨੇ ਦੂਜਾ ਸਥਾਨ ਅਤੇ ‘ਕ੍ਰਿਤ੍ਰਿਮ ਬੁੱਧੀ’ ਵਿਸ਼ੇ ਉੱਤੇ ਨੂਰਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਇਨ੍ਹਾਂ ਵਿਦਿਆਰਥੀਆਂ ਦੀ ਤਿਆਰੀ ’ਚ ਅਧਿਆਪਕਾਂ ਅੰਕਿਤਾ ਮਹਾਜਨ, ਲਖਬੀਰ ਕੌਰ ਅਤੇ ਸ੍ਰੀ ਰਾਜਨ ਨੇ ਅਹਿਮ ਭੂਮਿਕਾ ਨਿਭਾਈ। ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸਮੂਹ ਵਿਦਿਆਰਥੀਆਂ, ਅਗਵਾਈ ਕਰ ਰਹੇ ਅਧਿਆਪਕਾਂ ਅਤੇ ਸਕੂਲ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਐਸ਼ਮੀਤ ਕੌਰ ਰਾਜ ਪੱਧਰੀ ਮੁਕਾਬਲੇ ’ਚ ਵੀ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਂਅ ਹੋਰ ਉੱਚਾ ਕਰੇਗੀ।