ਕਵੀ ਤੇ ਨਾਟਕਕਾਰ ਸਰਬਪ੍ਰੀਤ ਸਿੰਘ ਰਿਆੜਕੀ ਕਾਲਜ ਤੇ ਰਿਆੜਕੀ ਸਕੂਲ ਵਿਖੇ ਵਿਸ਼ੇਸ਼ ਸਾਹਿਤਕ ਫੇਰੀ ’ਤੇ ਪਹੁੰਚੇ
ਬਟਾਲਾ, 21 ਨਵੰਬਰ (ਸਤਿੰਦਰ ਸਿੰਘ)- ‘ਖ਼ਵਾਬਗਾਹ ਵਿਚ ਵਾਸਾ ਮੇਰਾ, ਆਸ ਵਸਲ ਦੀ ਰੱਖਦੀ ਹਾਂ’। ਸੁਪਨਿਆਂ ਦੇ ਘਰ ’ਚ ਵੱਸਦਿਆਂ ਪ੍ਰੀਤਮ ਨਾਲ ਮਿਲਾਪ ਦੀ ਤਾਂਘ ਵਾਲੀਆਂ ਇਹ ਸਤਰਾਂ ਉਸ ਲੇਖਕ ਦੀਆਂ ਹਨ, ਜੋ ਆਪਣੀਆਂ ਪੁਸਤਕਾਂ ਰਾਹੀਂ ਪੰਜਾਬ ਦੀ ਸੂਫ਼ੀ ਪਰੰਪਰਾ ਤੇ ਸਿੱਖ ਇਤਿਹਾਸ ਦੇ ਝਰੋਖੇ ਖੋਲ੍ਹ ਰਿਹਾ ਹੈ।
ਰ
ਰਿਆੜਕੀ ਕਾਲਜ ਅਤੇ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਵਿਖੇ ਸ: ਸਰਬਪ੍ਰੀਤ ਸਿੰਘ ਨੂੰ ਸਨਮਾਨਿਤ ਕਰਦੇ ਪ੍ਰਿੰ. ਸਵਰਨ ਸਿੰਘ ਵਿਰਕ ਤੇ ਹੋਰ। ਅਜੀਤ ਤਸਵੀਰ
22-11-2026
ਬਟਾਲਾ, 21 ਨਵੰਬਰ (ਸਤਿੰਦਰ ਸਿੰਘ)- ‘ਖ਼ਵਾਬਗਾਹ ਵਿਚ ਵਾਸਾ ਮੇਰਾ, ਆਸ ਵਸਲ ਦੀ ਰੱਖਦੀ ਹਾਂ’। ਸੁਪਨਿਆਂ ਦੇ ਘਰ ’ਚ ਵੱਸਦਿਆਂ ਪ੍ਰੀਤਮ ਨਾਲ ਮਿਲਾਪ ਦੀ ਤਾਂਘ ਵਾਲੀਆਂ ਇਹ ਸਤਰਾਂ ਉਸ ਲੇਖਕ ਦੀਆਂ ਹਨ, ਜੋ ਆਪਣੀਆਂ ਪੁਸਤਕਾਂ ਰਾਹੀਂ ਪੰਜਾਬ ਦੀ ਸੂਫ਼ੀ ਪਰੰਪਰਾ ਤੇ ਸਿੱਖ ਇਤਿਹਾਸ ਦੇ ਝਰੋਖੇ ਖੋਲ੍ਹ ਰਿਹਾ ਹੈ। ਉੱਘੇ ਸਿੱਖ ਲੇਖਕ, ਕਵੀ ਤੇ ਨਾਟਕਕਾਰ ਸ: ਸਰਬਪ੍ਰੀਤ ਸਿੰਘ ਏਨ੍ਹੀਂ ਦਿਨੀਂ ਆਪਣੀ ਨਵੀਂ ਪੁਸਤਕ ‘ਖ਼ਵਾਬਗਾਹ : ਦਿ ਹਾਊਸ ਆਫ਼ ਡਰੀਮਜ਼’ ਨਾਲ ਪੰਜਾਬ ਭਰ ਦੀ ਸਾਹਿਤਕ ਯਾਤਰਾ ’ਤੇ ਹਨ। ਇਸੇ ਯਾਤਰਾ ਦੌਰਾਨ ਉਹ ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੀ ਜਾਂਦੀ ਸਿਰਮੌਰ ਵਿਦਿਅਕ ਸੰਸਥਾ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਤੇ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਵਿਖੇ ਵਿਸ਼ੇਸ਼ ਸਾਹਿਤਕ ਫੇਰੀ ’ਤੇ ਪਹੁੰਚੇ। ਇੱਥੇ ‘ਆਪਣੇ ਬਿਰਤਾਂਤ ਦੀ ਮੁੜ ਪ੍ਰਾਪਤੀ’ ਵਿਸ਼ੇ ’ਤੇ ਵਿਦਿਆਰਥੀਆਂ ਨਾਲ ਸੰਵਾਦ ਹੋਇਆ। ਪ੍ਰਿੰਸੀਪਲ ਸ: ਸਵਰਨ ਸਿੰਘ ਵਿਰਕ ਨੇ ਕਿਹਾ ਕਿ ਅਜਿਹੀਆਂ ਵਿਦਵਾਨ ਅਤੇ ਅਨੁਭਵੀ ਸ਼ਖ਼ਸੀਅਤਾਂ ਦਾ ਕਾਲਜ ਵਿਚ ਆਉਣਾ ਵਿਦਿਆਰਥੀਆਂ ਲਈ ਕਿਸੇ ਅਨਮੋਲ ਸੁਗਾਤ ਤੋਂ ਘੱਟ ਨਹੀਂ ਹੁੰਦਾ। ਕੈਂਪਸ ਦੇ ਦੌਰੇ ਦੌਰਾਨ ਸ: ਸਰਬਪ੍ਰੀਤ ਸਿੰਘ ਨੇ ਵਿਦਿਆਰਥੀਆਂ ਵਲੋਂ ਬਲੈਕ ਬੋਰਡਾਂ ’ਤੇ ਉਕੇਰੀਆਂ ਸਿੱਖ ਇਤਿਹਾਸ, ਵਿਰਾਸਤ, ਗੁਰਮਤਿ ਵਿਚਾਰਧਾਰਾ ਤੇ ਜੀਵਨ-ਮੁੱਲਾਂ ਨਾਲ ਸਬੰਧਿਤ ਲਿਖਤਾਂ ਨੂੰ ਬੜੀ ਦਿਲਚਸਪੀ ਨਾਲ ਵਾਚਿਆ। ਸ: ਗਗਨਦੀਪ ਸਿੰਘ ਵਿਰਕ ਨੇ ਸ: ਸਰਬਪ੍ਰੀਤ ਸਿੰਘ ਦੀ ਸਾਹਿਤਕ ਘਾਲਣਾ ਬਾਰੇ ਜਾਣਕਾਰੀ ਸਾਂਝੀ ਕੀਤੀ। ਸ: ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ‘ਆਪਣੇ ਬਿਰਤਾਂਤ ਦੀ ਮੁੜ ਪ੍ਰਾਪਤੀ’ ਵਿਸ਼ੇ ’ਤੇ ਹੋਏ ਸੰਵਾਦ ਵਿਚ ਸ: ਸਰਬਪ੍ਰੀਤ ਸਿੰਘ ਨੇ ਇਕ ਸਿੱਖ ਲੇਖਕ ਵਜੋਂ ਆਪਣਾ ਸਫ਼ਰ ਸਾਂਝਾ ਕੀਤਾ। ਉਪਰੰਤ ਸਵਾਲ-ਜਵਾਬ ਦਾ ਦੌਰ ਹੋਇਆ। ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਗਗਨਦੀਪ ਸਿੰਘ ਵਿਰਕ, ਪ੍ਰਿੰ. ਨਵਦੀਪ ਕੌਰ, ਡਾਇਰੈਕਟਰ ਮਨਪ੍ਰੀਤ ਕੌਰ, ਪ੍ਰਿੰ. ਇੰਦਰਜੀਤ ਕੌਰ, ਪ੍ਰੋ. ਗਗਨ ਨਾਗਰਾ ਤੇ ਸਟੂਡੈਂਟ ਕਮੇਟੀ ਵਲੋਂ ਸ: ਸਰਬਪ੍ਰੀਤ ਸਿੰਘ ਨੂੰ ਸਿਰੋਪਾਓ ਤੇ ਪੁਸਤਕਾਂ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।