ਸਰਕਾਰੀ ਸਕੂਲ ਤੋਂ ਪੜ੍ਹ ਕੇ ਹਾਈ ਕੋਰਟ ਤੱਕ ਪਹੁੰਚਿਆ ਗੁਰਮੇਜ ਸਿੰਘ ਸ਼ੇਖਪੁਰ ਸਕੂਲ ਲਈ ਬਣਿਆ ਮਾਣ ਤੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ
ਗੁਰਮੇਜ ਸਿੰਘ ਨੇ ਸਵੇਰ ਦੀ ਸਭਾ ਦੌਰਾਨ ਸਾਂਝੀ ਕੀਤੀ ਸਫ਼ਲਤਾ ਦੀ ਕਹਾਣੀ
ਬਟਾਲਾ, 28 ਨਵੰਬਰ (ਸਤਿੰਦਰ ਸਿੰਘ)- ਕਹਿੰਦੇ ਹਨ ਕਿ ਜੇਕਰ ਮਨ ਵਿਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਅਤੇ ਮਿਹਨਤ ਨਾਲ ਆਪਣੇ ਟੀਚੇ ਵੱਲ ਕਦਮ ਵਧਾਏ ਜਾਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ। ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਪੀ.
ਐ
ਐਡਵੋਕੇਟ ਗੁਰਮੇਜ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਤੇ ਹੋਰ। ਅਜੀਤ ਤਸਵੀਰ
29-11-2026
ਬਟਾਲਾ, 28 ਨਵੰਬਰ (ਸਤਿੰਦਰ ਸਿੰਘ)- ਕਹਿੰਦੇ ਹਨ ਕਿ ਜੇਕਰ ਮਨ ਵਿਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਅਤੇ ਮਿਹਨਤ ਨਾਲ ਆਪਣੇ ਟੀਚੇ ਵੱਲ ਕਦਮ ਵਧਾਏ ਜਾਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ। ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਜ਼ਿਲ੍ਹਾ ਗੁਰਦਾਸਪੁਰ ਦੇ ਸਾਬਕਾ ਵਿਦਿਆਰਥੀ ਗੁਰਮੇਜ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਸਰੂਪਵਾਲੀ ਕਲਾਂ ਨੇ, ਜੋ ਆਪਣੀ ਸਖ਼ਤ ਮਿਹਨਤ ਸਦਕਾ ਅੱਜ ਹਾਈਕੋਰਟ ਵਿਚ ਬਤੌਰ ਐਡਵੋਕੇਟ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ। ਗੁਰਮੇਜ ਸਿੰਘ ਨੇ ਸਾਲ 2017 ਵਿਚ ਇਸੇ ਸਕੂਲ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਉਪਰੰਤ ਉਸ ਨੇ ਮੈਰੀਟੋਰੀਅਸ ਪ੍ਰੀਖਿਆ ਪਾਸ ਕਰ ਕੇ ਜਲੰਧਰ ਦੇ ਮੈਰੀਟੋਰੀਅਸ ਸਕੂਲ ਵਿਚ ਦਾਖ਼ਲਾ ਪ੍ਰਾਪਤ ਕੀਤਾ, ਜਿੱਥੋਂ ਉਸ ਨੇ ਦੋ ਸਾਲ ਨਾਨ-ਮੈਡੀਕਲ ਵਿਸ਼ੇ ਨਾਲ ਬਾਰ੍ਹਵੀਂ ਦੀ ਪੜ੍ਹਾਈ ਸਫ਼ਲਤਾਪੂਰਵਕ ਮੁਕੰਮਲ ਕੀਤੀ। ਇਸ ਤੋਂ ਬਾਅਦ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੰਜ ਸਾਲਾ ਬੀ.ਏ. ਐਲ.ਐਲ.ਬੀ. ਦੀ ਡਿਗਰੀ ਹਾਸਲ ਕੀਤੀ। ਲੋੜੀਂਦਾ ਟੈਸਟ ਪਾਸ ਕਰਨ ਉਪਰੰਤ ਉਸ ਨੇ ਕਾਨੂੰਨੀ ਖੇਤਰ ਵਿਚ ਆਪਣਾ ਕਰੀਅਰ ਸ਼ੁਰੂ ਕੀਤਾ ਤੇ ਅੱਜ ਉਹ ਹਾਈਕੋਰਟ ਵਿਚ ਬਤੌਰ ਐਡਵੋਕੇਟ ਰੈਗੂਲਰ ਤੌਰ ’ਤੇ ਕੰਮ ਕਰ ਰਿਹਾ ਹੈ। ਇਸੇ ਪ੍ਰਾਪਤੀ ਤੇ ਆਪਣੀ ਪੁਰਾਣੀ ਸੰਸਥਾ ਨਾਲ ਮੋਹ ਸਦਕਾ ਅੱਜ ਗੁਰਮੇਜ ਸਿੰਘ ਸਕੂਲ ਪਹੁੰਚਿਆ, ਜਿੱਥੇ ਸਵੇਰ ਦੀ ਸਭਾ ਦੌਰਾਨ ਉਸ ਨੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਤੇ ਸਮੂਹ ਅਧਿਆਪਕਾਂ ਦੀ ਹਾਜ਼ਰੀ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਸ ਨੇ ਵਿਦਿਆਰਥੀਆਂ ਨਾਲ ਆਪਣੀ ਪੜ੍ਹਾਈ ਦੇ ਸਫ਼ਰ, ਮੁਸ਼ਕਲਾਂ, ਸੰਘਰਸ਼ ਤੇ ਸਫ਼ਲਤਾ ਦੇ ਤਜਰਬੇ ਸਾਂਝੇ ਕੀਤੇ। ਉਸ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜ਼ਿੰਦਗੀ ਵਿਚ ਸਫ਼ਲਤਾ ਹਾਸਲ ਕਰਨ ਲਈ ਨਿਰੰਤਰ ਮਿਹਨਤ, ਅਨੁਸ਼ਾਸਨ, ਸਮੇਂ ਦੀ ਸਹੀ ਵਰਤੋਂ ਤੇ ਆਪਣੇ ਟੀਚੇ ਪ੍ਰਤੀ ਸਮਰਪਣ ਬਹੁਤ ਜ਼ਰੂਰੀ ਹਨ। ਇਸ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਗੁਰਮੇਜ ਸਿੰਘ ਦੇ ਸਕੂਲੀ ਜੀਵਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੇ ਸਾਲ 2014 ਵਿਚ ਇਸ ਸਕੂਲ ਵਿਚ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ਸੀ, ਉਸ ਸਮੇਂ ਗੁਰਮੇਜ ਸਿੰਘ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਸ਼ੁਰੂ ਤੋਂ ਹੀ ਪੜ੍ਹਾਈ ਤੇ ਸਹਿ-ਵਿੱਦਿਅਕ ਗਤੀਵਿਧੀਆਂ ਵਿਚ ਬਹੁਤ ਸਰਗਰਮ ਤੇ ਮਿਹਨਤੀ ਵਿਦਿਆਰਥੀ ਰਿਹਾ ਹੈ। ਗੁਰਮੇਜ ਸਿੰਘ ਪੇਂਟਿੰਗ, ਭਾਸ਼ਣ, ਕੁਇਜ਼ ਤੇ ਹੋਰ ਵੱਖ-ਵੱਖ ਮੁਕਾਬਲਿਆਂ ਵਿਚ ਹਮੇਸ਼ਾ ਵਧ ਚੜ੍ਹ ਕੇ ਭਾਗ ਲੈਂਦਾ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਵੀ ਬੜੇ ਉਤਸ਼ਾਹ ਤੇ ਧਿਆਨ ਨਾਲ ਗੁਰਮੇਜ ਸਿੰਘ ਦੇ ਵਿਚਾਰ ਸੁਣੇ ਗਏ। ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਸਮੂਹ ਅਧਿਆਪਕਾਂ ਦੀ ਹਾਜ਼ਰੀ ਵਿਚ ਵਿਦਿਆਰਥੀਆਂ ਦੇ ਸਾਹਮਣੇ ਗੁਰਮੇਜ ਸਿੰਘ ਨੂੰ ਤਗਮਾ ਪਹਿਨਾ ਤੇ ਯਾਦਗਾਰੀ ਮੋਮੈਂਟੋ ਭੇਟ ਕਰ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।