ਫ਼ਾਜ਼ਿਲਕਾ, 31 ਦਸੰਬਰ (ਦਵਿੰਦਰ ਪਾਲ ਸਿੰਘ)-ਡਾ. ਕਵਿਤਾ ਸਿੰਘ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਕਮ ਨੋਡਲ ਅਫ਼ਸਰ ਨੈਸ਼ਨਲ ਪ੍ਰੋਗਰਾਮ ਫ਼ਾਰ ਕੰਟਰੋਲ ਆਫ਼ ਬਲਾਈਾਡਨੈਸ ਨੇ ਅੱਖਾਂ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਹਨ ਚਾਲਕਾਂ ਨੂੰ ਸੁਰੱਖਿਅਤ ਯਾਤਰਾ ਲਈ ਆਪਣੀਆਂ ਅੱਖਾਂ ਦੀ ਜਾਂਚ ਨਿਯਮਿਤ ਰੂਪ ਵਿਚ ਕਰਵਾਉਣੀ ਚਾਹੀਦੀ ਹੈ | ਜਿਸ ਨਾਲ ਹਾਦਸਿਆਂ ਤੋਂ ਵੱਡੇ ਪੱਧਰ ਤੇ ਬਚਾਅ ਹੋ ਸਕਦਾ ਹੈ | ਠੰਢੀ ਹਵਾ, ਧੁੰਦ, ਧੂੜ ਅਤੇ ਪ੍ਰਦੂਸ਼ਣ ਕਾਰਨ ਅੱਖਾਂ ਵਿਚ ਜਲਨ, ਖ਼ੁਸ਼ਕੀ, ਪਾਣੀ ਆਉਣਾ ਅਤੇ ਲਾਲੀ ਵਰਗੀਆਂ ਦਿੱਕਤਾਂ ਆਮ ਹੋ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸਰਦੀਆਂ ਦੌਰਾਨ ਅੱਖਾਂ ਨੂੰ ਠੰਢੀ ਹਵਾ ਅਤੇ ਧੁੰਦ ਤੋਂ ਬਚਾਉਣ ਲਈ ਸੁਰੱਖਿਅਤ ਚਸ਼ਮੇ ਦੀ ਵਰਤੋਂ ਕਰਨੀ ਚਾਹੀਦੀ ਹੈ | ਅੱਖਾਂ ਨੂੰ ਵਾਰ-ਵਾਰ ਮਲਣ ਤੋਂ ਬਚਿਆ ਜਾਵੇ ਅਤੇ ਸਾਫ਼ ਪਾਣੀ ਨਾਲ ਅੱਖਾਂ ਦੀ ਸਫ਼ਾਈ ਰੱਖੀ ਜਾਵੇ | ਮੋਬਾਈਲ ਅਤੇ ਕੰਪਿਊਟਰ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਵੇਲੇ 20-20-20 ਨਿਯਮ ਅਪਣਾਓ ਜਿਸ ਤਹਿਤ ਹਰ 20 ਮਿੰਟ ਬਾਅਦ 20 ਫੁੱਟ ਦੂਰ ਅਤੇ 20 ਸਕਿੰਟ ਲਈ ਦੇਖਣ ਨਾਲ ਅੱਖਾਂ ਨੂੰ ਆਰਾਮ ਮਿਲ ਜਾਂਦਾ ਹੈ | ਅੱਖਾਂ ਵਿਚ ਦਰਦ, ਨਜ਼ਰ ਧੁੰਦਲੀ ਹੋਣਾ ਜਾਂ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦੇ ਲੱਛਣ ਨਜ਼ਰ ਆਉਣ 'ਤੇ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿਚ ਜਾਂਚ ਕਰਵਾਈ ਜਾਵੇ | ਹਰੇਕ ਵਿਅਕਤੀ ਨੂੰ ਆਪਣੀ ਅਤੇ ਬੱਚਿਆਂ ਦੀ ਸਮੇਂ ਸਮੇਂ ਨਿਗਾਹ ਦੀ ਜਾਂਚ ਮਾਹਿਰ ਡਾਕਟਰ ਤੋਂ ਕਰਵਾਉਂਦੇ ਰਹਿਣ ਤਾਂ ਜੋ ਉਸ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਐਨਕਾਂ ਸਿਹਤ ਵਿਭਾਗ ਵੱਲੋਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਅੱਖਾਂ ਦੇ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਦੀਆਂ ਅਤੇ ਧੁੰਦ ਦੇ ਮੌਸਮ ਦੌਰਾਨ ਅੱਖਾਂ ਦੀ ਸਹੀ ਸਾਂਭ-ਸੰਭਾਲ ਕਰਕੇ ਆਪਣੀ ਨਜ਼ਰ ਨੂੰ ਸੁਰੱਖਿਅਤ ਰੱਖਣ | ਇਸ ਸਮੇਂ ਵਿਨੋਦ ਕੁਮਾਰ ਅਤੇ ਮਨਬੀਰ ਸਿੰਘ ਮਾਸ ਮੀਡੀਆ ਅਫ਼ਸਰ, ਰੋਹਿਤ ਸਟੈਨੋ ਹਾਜ਼ਰ ਸਨ |