ਫ਼ਾਜ਼ਿਲਕਾ, 2 ਜਨਵਰੀ (ਅਮਰਜੀਤ ਸ਼ਰਮਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਭਰਾਤਰੀ ਜਥੇਬੰਦੀਆਂ ਨਾਲ ਸਾਂਝੇ ਤੌਰ 'ਤੇ ਸ਼ਹਿਰ ਦੀ ਦਾਣਾ ਮੰਡੀ ਤੋਂ ਮੋਟਰਸਾਈਕਲ ਮਾਰਚ ਸ਼ੁਰੂ ਕਰਕੇ ਸ਼ਹਿਰ ਦੇ ਬਾਜ਼ਾਰਾਂ ਵਿਚ ਮੋਟਰਸਾਈਕਲ ਮਾਰਚ ਕੱਢਿਆ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਰਿੰਦਰ ਲਾਧੂਕਾ, ਬਲਦੇਵ ਬੋਪਾਰਾਏ, ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਰਮੇਸ਼ ਵਡੇਰਾ, ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਣਜਾਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਆਦਿੱਤਯ, ਦਿਲਕਰਨ, ਮਾਸਟਰ ਹਰੀਸ਼ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਨਵੇਂ ਬਿੱਲ ਲਿਆ ਕੇ ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਹੱਥੋਂ ਰੁਜ਼ਗਾਰ ਤੇ ਜ਼ਮੀਨਾਂ ਖੋਹਣਾ ਚਾਹੁੰਦੀ ਹੈ ਬਿਜਲੀ ਬਿੱਲ ਲਾਗੂ ਹੋਣ ਨਾਲ ਬਿਜਲੀ ਸਬਸਿਡੀ ਖ਼ਤਮ ਤੇ ਇਕ ਤਰ੍ਹਾਂ ਦੀ ਮਹਿੰਗੀ ਬਿਜਲੀ ਹੀ ਖਪਤਕਾਰਾਂ ਨੂੰ ਮਿਲੇਗੀ ਤੇ ਜੋ ਲੋਕਾਂ ਦੇ ਟੈਕਸ ਨਾਲ ਬਿਜਲੀ ਦਾ ਢਾਂਚਾ ਵਿਕਸਿਤ ਕੀਤਾ ਗਿਆ ਹੈ ਉਹ ਪੂੰਜੀਪਤੀਆਂ ਦੇ ਮੁਨਾਫ਼ੇ ਲਈ ਸਰਕਾਰ ਦੇਣਾ ਚਾਹੁੰਦੀ ਹੈ | ਸੀਡ ਬਿੱਲ ਨਾਲ ਦਾ ਮਕਸਦ ਸਾਫ਼ ਹੈ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਨਿਆਂ ਨੂੰ ਜ਼ਮੀਨਾਂ ਸੌਂਪਣ ਲਈ ਰਾਹ ਪੱਧਰਾ ਕਰ ਰਹੀ ਹੈ ਕੇਂਦਰ ਦੀ ਮੋਦੀ ਸਰਕਾਰ ਕਿਉਂਕਿ ਸੰਸਾਰ ਦੀਆਂ ਦਿਉਕੱਦ ਕੰਪਨੀਆਂ ਦਾ 75% ਬੀਜਾਂ ਤੇ ਪੈਸਟੀਸਾਈਡ ਦੇ ਉੱਤੇ ਪਹਿਲਾਂ ਹੀ ਕਬਜ਼ਾ ਹੈ | ਜਦ ਇਨ੍ਹਾਂ ਕੰਪਨੀਆਂ ਦੇ ਰਹਿਮੋ ਕਰਮ 'ਤੇ ਕਿਸਾਨ ਹੋਵੇਗਾ ਤਾਂ ਕਿਸਾਨੀ ਦਾ ਉਜਾੜਾ ਹੋਣਾ ਤੈਅ ਹੈ | ਜਿਸ ਤਰ੍ਹਾਂ ਪਹਿਲਾਂ ਹੀ ਪੰਜਾਬ ਦੀ ਨਰਮਾ ਪੱਟੀ ਨੂੰ ਨਕਲੀ ਬੀ ਟੀ ਕਾਟਨ ਦੇ ਬੀਜਾਂ ਦੇ ਨਾਲ ਕਿਸਾਨੀ ਨੂੰ ਬਰਬਾਦ ਕੀਤਾ ਗਿਆ ਹੈ | ਅੱਜ ਕਿਸਾਨੀ ਕੱਖੋਂ ਹੌਲੀ ਹੋਈ ਹੈ ਅਤੇ ਕਰਜ਼ਾ ਦਾ ਸ਼ਿਕਾਰ ਹੋ ਕੇ ਕਿਸਾਨ ਜ਼ਮੀਨਾਂ ਵੇਚਣ ਲਈ ਮਜਬੂਰ ਹਨ | ਫ਼੍ਰੀ ਟਰੇਡ ਸਮਝੌਤੇ ਕਰਨ ਲਈ ਕੇਂਦਰ ਸਰਕਾਰ ਲਗਾਤਾਰ ਅਮਰੀਕਾ ਦੇ ਦਬਾਅ ਹੇਠ ਚੱਲ ਰਹੀ ਹੈ, ਦੇਸ਼ ਦਾ ਖੇਤੀ ਖੇਤਰ ਅਤੇ ਸਹਾਇਕ ਧੰਦਿਆਂ ਨੂੰ ਟੈਰਿਫ਼ ਫ਼੍ਰੀ ਕਰਨ ਲਈ ਅਮਰੀਕਾ ਭਾਰਤ ਸਰਕਾਰ ਦੀ ਬਾਂਹ ਮਰੋੜ ਰਿਹਾ ਹੈ, ਜਿਸ ਨਾਲ ਦੇਸ਼ ਦੀ ਕਿਸਾਨੀ ਬਰਬਾਦ ਹੋ ਜਾਵੇਗੀ ਇਸ ਕਰਕੇ ਇਸ ਗੱਲ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਲੁਟੇਰੇ ਨਿਜ਼ਾਮ ਦੇ ਖ਼ਿਲਾਫ਼ ਲੋਕ ਲਹਿਰ ਨੂੰ ਮਜ਼ਬੂਤ ਕਰਨਾ ਹਰ ਸੰਘਰਸ਼ਸ਼ੀਲ ਵਿਅਕਤੀ ਦਾ ਫ਼ਰਜ਼ ਬਣਦਾ ਹੈ ਕੀ ਲੋਕ ਲਹਿਰ ਨੂੰ ਮਜ਼ਬੂਤ ਕਰਨ ਵਿਚ ਆਪਣਾ ਯੋਗਦਾਨ ਪਾਇਆ ਜਾਵੇ | ਇਸ ਮੌਕੇ ਭੱਠਾ ਮਜ਼ਦੂਰ ਯੂਨੀਅਨ ਪੱਲੇਦਾਰ ਯੂਨੀਅਨ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |