ਫ਼ਾਜ਼ਿਲਕਾ, 2 ਜਨਵਰੀ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ਹੇਠ ਡਰੱਗ ਇੰਸਪੈਕਟਰ ਰਵੀ ਗੁਪਤਾ ਵਲੋਂ ਘੁਬਾਇਆ ਪੁਲਿਸ ਨਾਲ ਕੀਤੀ ਇਕ ਸੰਯੁਕਤ ਕਾਰਵਾਈ ਦੌਰਾਨ ਜਲਾਲਾਬਾਦ ਰੋੜ 'ਤੇ ਭੰਬਾ ਵਟੂ ਵਿਖੇ ਸਥਿਤ ਕੈਮਿਸਟ ਦੁਕਾਨ 'ਤੇ ਛਾਪਾ ਮਾਰਿਆ ਗਿਆ | ਕਾਰਵਾਈ ਬਾਰੇ ਡਰੱਗ ਇੰਸਪੈਕਟਰ ਫ਼ਾਜ਼ਿਲਕਾ 1 ਰਵੀ ਗੁਪਤਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਸ਼ਾ ਮੁਕਤ ਰਾਜ ਦੇ ਸੁਪਨੇ ਨੂੰ ਪੂਰਾ ਕਰਨ ਦੀ ਮੁਹਿੰਮ ਹੇਠ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ 'ਤੇ ਨੱਥ ਪਾਉਣ ਲਈ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਜਿਸ ਅਧੀਨ ਕੈਮਿਸਟ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ | ਅੱਜ ਵੀ ਕੁੱਝ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਦਵਾਈਆਂ ਦੀ ਖਰੀਦ-ਵਿਕਰੀ ਰਿਕਾਰਡ ਦੀ ਜਾਂਚ ਕੀਤੀ ਗਈ | ਇਸ ਦੌਰਾਨ ਹੀ ਭੰਬਾ ਵਟੂ ਸਥਿਤ ਇਕ ਕੈਮਿਸਟ ਦੁਕਾਨ ਬਿਨਾਂ ਲਾਇਸੈਂਸ ਦੇ ਪਾਈ ਗਈ | ਇਸ ਦੁਕਾਨ ਦਾ ਮਾਲਕ ਭੰਬਾ ਵਟੂ ਵਾਸੀ ਸੁਖਦੇਵ ਸਿੰਘ ਮੌਕੇ 'ਤੇ ਮੌਜੂਦ ਨਹੀਂ ਸੀ | ਛਾਪੇ ਦੌਰਾਨ ਨਸ਼ੇ ਲਈ ਵਰਤੀ ਜਾਣ ਵਾਲੀ ਪਾਬੰਦੀਸ਼ੁਦਾ ਦਵਾਈਆਂ ਪ੍ਰੈਗਾਬਲਿਨ 300 ਐਮ. ਜੀ. ਦੇ 84 ਕੈਪਸੂਲ ਤੇ ਟਰਾਮਾਡੋਲ ਐੱਸ. ਆਰ. ਦੀ 117 ਗੋਲੀਆਂ ਬਰਾਮਦ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟੈਂਸਿਜ਼ ਐਕਟ ਤਹਿਤ ਕੀਤੀ ਗਈ, ਜਿਸ ਤਹਿਤ ਦੁਕਾਨ ਚਲਾਉਣ ਵਾਲੇ ਵਿਅਕਤੀ 'ਤੇ ਪੁਲਿਸ ਵਲੋਂ ਪਰਚਾ ਕੀਤਾ ਗਿਆ ਹੈ | ਇਸ ਦੌਰਾਨ ਜਾਂਚ ਟੀਮ 'ਚ ਮੌਜੂਦ ਡਰੱਗ ਫ਼ੀਲਡ ਇੰਸਪੈਕਟਰ ਅਮਨ ਕਾਲੜਾ ਨੇ ਕੈਮਿਸਟ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਦਵਾਈਆਂ ਦੀ ਖ਼ਰੀਦ ਤੇ ਵਿਕਰੀ ਸੰਬੰਧੀ ਪੂਰਾ ਰਿਕਾਰਡ ਰੱਖਿਆ ਜਾਵੇ ਅਤੇ ਪਾਬੰਦੀਸ਼ੁਦਾ ਦਵਾਈਆਂ ਨਾ ਰੱਖੀਆਂ ਜਾਣ | ਉਨ੍ਹਾਂ ਵਲੋਂ ਵੱਖ-ਵੱਖ ਕੈਮਿਸਟ ਦੁਕਾਨਾਂ ਵਲੋਂ ਕਿਹੜੀ ਕੀਮਤਾਂ ਤੇ ਮੈਡੀਸਨ ਦੀ ਖ਼ਰੀਦ ਤੇ ਵਿਕਰੀ ਕੀਤੀ ਜਾ ਰਹੀ ਹੈ, ਇਸ ਬਾਰੇ ਵੀ ਜਾਂਚ ਕੀਤੀ ਗਈ | ਉਨ੍ਹਾਂ ਕਿਹਾ ਕਿ ਬਿੱਲਾਂ ਦੀ ਵੈਰੀਫਿਕੇਸ਼ਨ ਦੌਰਾਨ ਕੁਝ ਗ਼ਲਤ ਪਾਏ ਜਾਣ ਹੈ ਤੇ ਕੈਮਿਸਟ ਦੁਕਾਨਦਾਰ ਦੇ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਡਰੱਗ ਬਰਾਂਚ ਦੇ ਦਫ਼ਤਰੀ ਸਹਾਇਕ ਸੁਖਦੇਵ ਸਿੰਘ ਅਤੇ ਪੁਲਿਸ ਮੁਲਾਜ਼ਮ ਮੌਜੂਦ ਸਨ |