ਫ਼ਾਜ਼ਿਲਕਾ, 2 ਜਨਵਰੀ (ਦਵਿੰਦਰ ਪਾਲ ਸਿੰਘ)-ਡਾ. ਬੀ. ਡੀ. ਸਚਦੇਵਾ ਮੈਮੋਰੀਅਲ ਵੈੱਲਫੇਅਰ ਸੋਸਾਇਟੀ ਵਲੋਂ ਨਵੇਂ ਸਾਲ ਦੇ ਸ਼ੁੱਭ ਅਵਸਰ 'ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਖੇਡ ਸਮਗਰੀ ਦੀ ਵੰਡ ਕੀਤੀ ਗਈ | ਸੁਸਾਇਟੀ ਵਲੋਂ ਕਿ੍ਕਟ, ਫੁੱਟਬਾਲ, ਵਾਲੀਬਾਲ ਸਮੇਤ ਹੋਰ ਖੇਡਾਂ ਨਾਲ ਸੰਬੰਧਿਤ ਸਮਾਨ ਵੰਡਿਆ | ਇਸ ਮੌਕੇ ਡਾ. ਬੀ. ਡੀ. ਸਚਦੇਵਾ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਅਜੈ ਸਚਦੇਵਾ ਤੇ ਜਰਨਲ ਸਕੱਤਰ ਪੂਜਾ ਲੂਥਰਾ ਸਚਦੇਵਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨ ਤੇ ਖੇਡ ਪ੍ਰੇਮੀ ਹਾਜ਼ਰ ਸਨ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਅਜੈ ਸਚਦੇਵਾ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਤੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਉਨ੍ਹਾਂ ਕਿਹਾ ਕਿ ਜੇ ਨੌਜਵਾਨ ਸਿਹਤਮੰਦ ਹੋਣਗੇ ਤਾਂ ਹੀ ਸਮਾਜ ਤੰਦਰੁਸਤ ਬਣ ਸਕਦਾ ਹੈ | ਇਸ ਲਈ ਸੁਸਾਇਟੀ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ, ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ | ਜਾਣਕਾਰੀ ਦਿੰਦਿਆਂ ਸੁਸਾਇਟੀ ਦੀ ਜਰਨਲ ਸਕੱਤਰ ਪੂਜਾ ਲੂਥਰਾ ਸਚਦੇਵਾ ਨੇ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਨੌਜਵਾਨਾਂ ਨੂੰ ਸਕਾਰਾਤਮਿਕ ਦਿਸ਼ਾ ਵੱਲ ਪ੍ਰੇਰਿਤ ਕਰਨ ਨਾਲ ਕਰਨਾ ਸੁਸਾਇਟੀ ਦਾ ਮੁੱਖ ਮਕਸਦ ਹੈ | ਇਸ ਮੌਕੇ ਖੇਡ ਸਮਗਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੇ ਡਾ. ਬੀ. ਡੀ. ਸਚਦੇਵਾ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਉਨ੍ਹਾਂ ਨੂੰ ਖੇਡਾਂ ਵੱਲ ਹੋਰ ਉਤਸ਼ਾਹ ਮਿਲਦਾ ਹੈ | ਸਮਾਗਮ ਦੇ ਅੰਤ 'ਚ ਨੌਜਵਾਨਾਂ ਨੂੰ ਨਸ਼ਾ ਮੁਕਤ ਤੇ ਸਿਹਤਮੰਦ ਜੀਵਨ ਜੀਉਣ ਦਾ ਸੰਦੇਸ਼ ਵੀ ਦਿੱਤਾ |