ਅਬੋਹਰ, 4 ਫਰਵਰੀ(ਵਿਵੇਕ ਹੂੜੀਆ)-ਹਲਕਾ ਬੱਲੂਆਣਾ ਅਧੀਨ ਪੈਂਦੇ ਪਿੰਡ ਤਾਜ਼ਾ ਪੱਟੀ ਤੋਂ ਗੋਬਿੰਦਗੜ੍ਹ ਨੂੰ ਜੋੜਨ ਵਾਲੀ ਲਿੰਕ ਰੋਡ ਆਪਣੀ ਬਦਹਾਲੀ 'ਤੇ ਅੱਥਰੂ ਵਹਾ ਰਹੀ ਹੈ | ਸੜਕ ਦੀ ਮਾੜੀ ਹਾਲਤ ਅਤੇ ਕਿਨਾਰਿਆਂ 'ਤੇ ਬਣੇ ਡੂੰਘੇ ਖੱਡਿਆਂ ਕਾਰਨ ਇੱਥੇ ਆਏ ਦਿਨ ਹਾਦਸੇ ਵਾਪਰ ਰਹੇ ਹਨ | ਅੱਜ ਉਸ ਸਮੇਂ ਇਕ ਵੱਡਾ ਹਾਦਸਾ ਹੋਣੋਂ ਬਚ ਗਿਆ ਜਦੋਂ ਤੂੜੀ ਨਾਲ ਭਰੀ ਇਕ ਟਰੈਕਟਰ-ਟਰਾਲੀ ਸੜਕ ਕਿਨਾਰੇ ਬਣੇ ਇਕ ਡੂੰਘੇ ਖੱਡੇ ਵਿਚ ਧਸ ਗਈ | ਜਾਣਕਾਰੀ ਦਿੰਦਿਆਂ ਪਿੰਡ ਤਾਜ਼ਾ ਪੱਟੀ ਦੇ ਨਿਵਾਸੀ ਨੱਥੂ ਰਾਮ ਸਿਆਗ ਨੇ ਦੱਸਿਆ ਕਿ ਇਸ ਸੜਕ ਦੀ ਹਾਲਤ ਲੰਬੇ ਸਮੇਂ ਤੋਂ ਖਸਤਾ ਬਣੀ ਹੋਈ ਹੈ | ਸੜਕ ਦੇ ਕਿਨਾਰੇ ਲਗਭਗ 18 ਤੋਂ 20 ਫੁੱਟ ਤੱਕ ਨੀਵੇਂ ਹਨ, ਜੋ ਵਾਹਨ ਚਾਲਕਾਂ ਲਈ ਮੌਤ ਦਾ ਜਾਲ ਸਾਬਤ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਮਾਰਗ ਦੀ ਵਰਤੋਂ ਪਿੰਡ ਰੁਹੇੜਿਆਂ ਵਾਲੀ, ਧਰਾਗ ਵਾਲਾ, ਤਾਜ਼ਾ ਪੱਟੀ ਅਤੇ ਮੁਰਾਦ ਵਾਲਾ ਦੇ ਲੋਕ ਵੱਡੀ ਪੱਧਰ 'ਤੇ ਕਰਦੇ ਹਨ, ਪਰ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਲੋਕਾਂ ਦੀ ਜਾਨ ਜੋਖ਼ਮ ਵਿਚ ਹੈ | ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਵਲੋਂ ਪਹਿਲਾਂ ਵੀ ਮਾਰਕੀਟ ਕਮੇਟੀ ਨੂੰ ਮਤਾ ਪਾ ਕੇ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਹਾਦਸਿਆਂ ਨੂੰ ਰੋਕਣ ਲਈ ਇਸ ਲਿੰਕ ਰੋਡ ਦਾ ਨਿਰਮਾਣ ਤੁਰੰਤ ਕਰਵਾਇਆ ਜਾਵੇ ਤਾਂ ਜੋ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਸਕੇ |