ਅਬੋਹਰ, 4 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਸ਼ਹਿਰ ਵਿਚ ਅੰਡਰ ਗਰਾਊਾਡ ਗੈੱਸ ਪਾਈਪ ਲਾਈਨ ਪਾਏ ਜਾਣ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ | ਜਿਸ ਕਾਰਨ ਸ਼ਹਿਰ ਦੀਆਂ ਬਹੁਤੀਆਂ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੁੰਦੀ ਜਾ ਰਹੀ ਹੈ | ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਕਈ ਇਲਾਕਿਆਂ ਵਿਚੋਂ ਗੈੱਸ ਪਾਈਪ ਲਾਈਨ ਪਾਉਣ ਕਾਰਨ ਸੀਵਰੇਜ ਅਤੇ ਵਾਟਰ ਵਰਕਸ ਦੀਆਂ ਪਾਈਪਾਂ ਨੁਕਸਾਨੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ | ਹੁਣ ਅਬੋਹਰ ਦੀ ਮਲੋਟ ਰੋਡ 'ਤੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਗੈੱਸ ਪਾਈਪ ਲਾਈਨ ਦੇ ਕੰਮ ਕਰਨ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਬਣੀ ਹੋਈ ਹੈ | ਮਲੋਟ ਰੋਡ 'ਤੇ ਸਥਿਤ ਕੁੱਝ ਦੁਕਾਨਦਾਰਾਂ ਨੇ ਠੇਕੇਦਾਰਾਂ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਮਲੋਟ ਰੋਡ ਤੇ ਗੈੱਸ ਪਾਈਪ ਲਾਈਨ ਪਾਏ ਜਾਣ ਦਾ ਕੰਮ ਚੱਲ ਰਿਹਾ ਹੈ | ਜਿਸ ਤਹਿਤ ਕਈ ਵਾਰ ਸੀਵਰੇਜ ਅਤੇ ਵਾਟਰ ਵਰਕਸ ਦੀ ਪਾਈਪ ਨੁਕਸਾਨੇ ਜਾਣ ਕਾਰਨ ਹਾਲਾਤ ਬੇਹੱਦ ਖ਼ਰਾਬ ਬਣੇ ਹਨ | ਇਸ ਤੋਂ ਇਲਾਵਾ ਟਰੱਕ ਯੂਨੀਅਨ ਦੇ ਨੇੜੇ ਪਾਈ ਗੈੱਸ ਪਾਈਪ ਲਾਈਨ ਦੌਰਾਨ ਕਾਫ਼ੀ ਲੰਬਾ ਸਮਾਂ ਪੰਜਪੀਰ ਨਗਰ ਨੂੰ ਜਾਂਦੀ ਸੜਕ ਨੂੰ ਵੀ ਬੰਦ ਕਰ ਦਿੱਤਾ ਗਿਆ | ਜਿਸ ਕਾਰਨ ਰਾਹਗੀਰਾਂ ਅਤੇ ਮੁਹੱਲਾ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਹੋਈ | ਇਸ ਦੇ ਨਾਲ ਹੀ ਹੁਣ ਮਲੋਟ ਰੋਡ 'ਤੇ ਕੁੱਝ ਸਮਾਂ ਪਹਿਲਾਂ ਪਾਈਆਂ ਪਾਈਪਾਂ ਨੂੰ ਹੁਣ ਠੇਕੇਦਾਰ ਵਲੋਂ ਪਾਈਪਾਂ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਜਿਸ ਕਾਰਨ ਇਕ ਵਾਰ ਪੁੱਟੇ ਖੱਡਿਆਂ ਨੂੰ ਦੁਬਾਰਾ ਫਿਰ ਪੁੱਟ ਕੇ ਦੁਕਾਨਦਾਰਾਂ ਦੀ ਦੁਕਾਨਦਾਰੀ ਚੌਪਟ ਕੀਤੀ ਜਾ ਰਹੀ ਹੈ | ਜਿਸ ਕਾਰਨ ਆਮ ਦੁਕਾਨਦਾਰ ਬੇਹੱਦ ਪਰੇਸ਼ਾਨ ਹਨ ਅਤੇ ਉਨ੍ਹਾਂ ਦੀ ਦੁਕਾਨਦਾਰੀ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ | ਇਸ ਸੰਬੰਧੀ ਦੁਕਾਨਦਾਰਾਂ ਨੇ ਠੇਕੇਦਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਪਾਈਆਂ ਕੁੱਝ ਗਈਆਂ ਪਾਈਪਾਂ ਗ਼ਲਤ ਪੈ ਗਈਆਂ ਸਨ, ਜਿਸ ਕਾਰਨ ਹੁਣ ਉਕਤ ਪਾਈਪਾਂ ਨੂੰ ਕੱਢਿਆ ਜਾ ਰਿਹਾ ਹੈ ਜਦ ਕਿ ਦੁਕਾਨਦਾਰਾਂ ਨੂੰ ਹੁੰਦੀ ਪਰੇਸ਼ਾਨੀ ਤੋਂ ਠੇਕੇਦਾਰ ਅਵੇਸਲੇ ਹਨ ਅਤੇ ਮਨ ਮਰਜ਼ੀ ਨਾਲ ਆਪਣਾ ਕੰਮ ਕਰ ਰਹੇ ਹਨ | ਇਸ ਸੰਬੰਧੀ ਦੁਕਾਨਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਉਕਤ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਜਲਦ ਤੋਂ ਜਲਦ ਕੰਮ ਮੁਕੰਮਲ ਕਰਵਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਦੁਕਾਨਦਾਰੀ ਬਹਾਲ ਹੋ ਸਕੇ |