ਅਬੋਹਰ, 5 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ) ਜੰਮੂ ਅਤੇ ਕਸ਼ਮੀਰ ਮੇਘ ਸਭਾ ਵਲੋਂ 8 ਫਰਵਰੀ ਨੂੰ ਜੰਮੂ ਵਿਖੇ ਵਿਸ਼ਾਲ ਮੇਘ ਮਹਾਂ ਸੰਮੇਲਨ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਅਬੋਹਰ ਦੇ ਐਡਵੋਕੇਟ ਡਾ.ਹਰਬੰਸ ਕੁਮਾਰ ਮੇਘ ਬਤੌਰ ਮੁੱਖ ਬੁਲਾਰੇ ਅਤੇ ਗੈੱਸਟ ਆਫ਼ ਆੱਨਰ ਦੇ ਤੌਰ 'ਤੇ ਸ਼ਿਰਕਤ ਕਰਨਗੇ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਹਰਬੰਸ ਕੁਮਾਰ ਮੇਘ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਕਈ ਵੱਖ-ਵੱਖ ਸਮਾਜ ਦੇ ਹੱਕਾਂ ਤੋਂ ਵਾਂਝੇ ਲੋਕਾਂ ਅਤੇ ਵਿਸ਼ੇਸ਼ ਕਰ ਮੇਘ ਸਮਾਜ ਨੂੰ ਸੰਗਠਿਤ ਕਰਨ ਦੇ ਲਈ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ | ਜਿਸ ਤਹਿਤ ਜੰਮੂ ਵਿਖੇ ਮੇਘ ਮਹਾਂ ਸੰਮੇਲਨ ਕਰਵਾਇਆ ਜਾ ਰਿਹਾ ਹੈ | ਪ੍ਰੋਗਰਾਮ ਦੇ ਵਿਚ ਮਹਾਨ ਗੁਰੂ ਕਬੀਰ ਸਾਹਿਬ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਸਮਰਪਿਤ ਪ੍ਰੋਗਰਾਮ ਹੋਵੇਗਾ | ਜਿਸ ਵਿਚ ਮੇਘ ਸਮਾਜ ਨਾਲ ਪ੍ਰਗਤੀਸ਼ੀਲ ਨੌਜਵਾਨਾਂ ਅਤੇ ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਉਪਰੰਤ ਸਮਾਜ ਦੀ ਪਹਿਚਾਣ, ਮਾਨ-ਸਨਮਾਨ ਅਤੇ ਬਾਬਾ ਸਾਹਿਬ ਦੀ ਵਿਚਾਰਧਾਰਾ 'ਤੇ ਵਿਚਾਰ ਵੀ ਪੇਸ਼ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਸਭਾ ਦੇ ਪ੍ਰਧਾਨ ਨਰਿੰਦਰ ਕੁਮਾਰ ਮੇਘ ਦੀ ਅਗਵਾਈ ਹੇਠ ਲਗਾਤਾਰ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ |