ਅਬੋਹਰ, 6 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਸਪੈਸ਼ਲ ਕਾਡਰ ਅਧਿਆਪਕ ਫ਼ਰੰਟ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਘਰ ਅੱਗੇ ਰੋਸ ਰੈਲੀ ਕੱਢੀ ਜਾਵੇਗੀ | ਇਸ ਬਾਰੇ ਫ਼ਰੰਟ ਦੇ ਆਗੂ ਸਤਪਾਲ ਸੀਤੋ ਗੰੁਨੋ੍ਹ ਨੇ ਦੱਸਿਆ ਕਿ ਸਪੈਸ਼ਲ ਕਾਡਰ ਅਧਿਆਪਕ ਦੀ ਪੂਰੇ ਪੰਜਾਬ 'ਚ ਗਿਣਤੀ 12710 ਦੇ ਕਰੀਬ ਹੈ ਜੋ ਕਿ ਪਿਛਲੇ 15 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਕਰਨ ਦੇ ਲਈ ਨਿਯੁਕਤੀ ਪੱਤਰ ਦੇਣ ਦੇ ਬਾਅਦ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੇ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਵੱਡੇ-ਵੱਡੇ ਦਾਅਵੇ ਕੀਤੇ ਸਨ ਕਿ ਇਕ ਸਾਲ ਦੇ ਅੰਦਰ-ਅੰਦਰ ਬਾਕੀ ਰਹਿੰਦੇ ਰੈਗੂਲਰ ਅਧਿਆਪਕਾਂ ਨੂੰ ਸਾਰੇ ਲਾਭ ਦਿੱਤੇ ਜਾਣਗੇ ਪਰ ਨਾ ਤਾਂ ਸਿੱਖਿਆ ਮੰਤਰੀ ਵਲੋਂ ਅਤੇ ਨਾ ਹੀ ਵਿਭਾਗ ਵਲੋਂ ਉਨ੍ਹਾਂ ਦੀ ਕੋਈ ਸਾਰ ਲਈ ਗਈ | ਉਨ੍ਹਾਂ ਦੱਸਿਆ ਕਿ 3 ਫਰਵਰੀ ਨੂੰ ਸਿੱਖਿਆ ਮੰਤਰੀ ਨੇ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ ਪਰ ਬਾਅਦ ਵਿਚ ਇਸ ਮੀਟਿੰਗ ਨੂੰ ਵੀ ਰੱਦ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਉਹ ਪਿਛਲੇ 15 ਤੋਂ 20 ਸਾਲਾਂ ਤੱਕ ਸਰਕਾਰੀ ਸਕੂਲਾਂ ਵਿਚ ਬਹੁਤ ਹੀ ਘੱਟ ਤਨਖ਼ਾਹ 'ਤੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ ਤੇ ਬੱਚਿਆਂ ਦੀ ਗਿਣਤੀ ਵਧਾਉਣ ਵਿਚ ਤੇ ਚੰਗੇ ਨਤੀਜੇ ਲਿਆਉਣ ਵਿਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ | ਇਸ ਕਾਰਨ ਪੂਰੇ ਕਾਡਰ 'ਚ ਸਰਕਾਰ ਵਿਰੁੱਧ ਡੂੰਘੀ ਨਾਰਾਜ਼ਗੀ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕੇਡਰ ਦੇ ਬਹੁਤ ਸਾਰੇ ਅਧਿਆਪਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲ ਘੱਟ ਤਨਖ਼ਾਹਾਂ 'ਤੇ ਪੜ੍ਹਾਉਂਦੇ ਹੋਏ ਬਿਤਾਏ ਹਨ ਤੇ ਹੁਣ ਸੇਵਾਮੁਕਤੀ ਦੇ ਨੇੜੇ ਹਨ ਜਦਕਿ ਬਹੁਤ ਸਾਰੇ ਪਹਿਲਾਂ ਹੀ ਸੇਵਾਮੁਕਤ ਹੋ ਚੁੱਕੇ ਹਨ ਤੇ ਖ਼ਾਲੀ ਹੱਥ ਘਰਾਂ ਨੂੰ ਪਰਤ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ ਇਹ ਹਨ ਕਿ ਸਰਕਾਰ ਤਨਖ਼ਾਹ ਸਕੇਲ ਲਾਗੂ ਕਰੇ, ਸੇਵਾਮੁਕਤੀ ਦੇ ਨੇੜੇ ਆਉਣ ਵਾਲੇ ਅਧਿਆਪਕਾਂ ਨੂੰ ਜਾਂ ਤਾਂ ਘੱਟੋ-ਘੱਟ 20 ਲੱਖ ਰੁਪਏ ਦੀ ਸੇਵਾਮੁਕਤੀ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਚਾਹੀਦੀ ਹੈ ਜਾਂ ਉਨ੍ਹਾਂ ਦਾ ਕਾਰਜਕਾਲ ਘੱਟ ਤੋਂ ਘੱਟ 5 ਸਾਲ ਵਧਾਉਣ ਤਾਂ ਜੋ ਉਹ ਇਸ ਉਮਰ ਵਿਚ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾ ਕੇ ਸੈਟਲ ਕਰ ਸਕਣ | ਉਨ੍ਹਾਂ ਕਿਹਾ ਕਿ 8 ਫਰਵਰੀ ਨੂੰ ਸਾਰੇ ਅਧਿਆਪਕ ਮੋਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਵਿਖੇ ਇਕੱਠੇ ਹੋਣਗੇ, ਜਿਥੇ ਉਹ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੱਕ ਮਾਰਚ ਕਰਨਗੇ |