ਜਲਾਲਾਬਾਦ, 21 ਫਰਵਰੀ (ਕਰਨ ਚੁਚਰਾ)-ਥਾਣਾ ਅਮੀਰ ਖ਼ਾਸ ਪੁਲਿਸ ਨੇ ਖੇਤਾਂ 'ਚੋਂ ਸਿਲਵਰ ਦੀਆਂ ਤਾਰਾਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਮਿਲਖ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਪਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਘਾਂਗਾ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਸ ਨੇ ਆਪਣੇ ਖੇਤ 'ਚ ਦੇਖਿਆ ਤਾਂ ਬਿਜਲੀ ਦੇ ਖੰਭੇ ਤੋਂ ਤਾਰਾਂ ਲੱਥੀਆਂ ਹੋਈਆਂ ਸਨ | ਜਿਸ ਸੰਬੰਧੀ ਉਸ ਨੇ ਜਸਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਨਾਲ ਤਾਰਾਂ ਚੋਰੀ ਹੋਣ ਸੰਬੰਧੀ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਅਸ਼ੋਕ ਸਿੰਘ ਉਰਫ਼ ਸ਼ੰਮਾ ਪੁੱਤਰ ਘੀਕਾ ਸਿੰਘ ਵਾਸੀ ਚੱਕ ਸੈਦੋ ਕੇ ਨੇ ਬਿਜਲੀ ਕਰਮਚਾਰੀਆਂ ਨਾਲ ਪ੍ਰਾਈਵੇਟ ਤੌਰ 'ਤੇ ਦਿਹਾੜੀ 'ਤੇ ਕੰਮ ਜਾਂਦਾ ਹੈ ਅਤੇ ਉਹ 2 ਗੱਟੇ ਸਿਲਵਰ ਤਾਰਾਂ ਦੇ ਲੈ ਕੇ ਗਲੀ ਵਿਚ ਖੜ੍ਹਾ ਹੈ, ਜਿਸ ਨੂੰ ਉਨ੍ਹਾਂ ਨੇ ਤਾਰਾਂ ਸੰਬੰਧੀ ਪੁੱਛਿਆ ਤਾਂ ਉਸ ਨੇ ਕੋਈ ਵਾਜਬ ਜਵਾਬ ਨਹੀਂ ਦਿੱਤਾ ਤੇ ਫਿਰ ਉਸ ਨੇ ਦੱਸਿਆ ਕਿ ਉਸ ਨੇ ਨਸ਼ੇ ਦੀ ਹਾਲਤ 'ਚ ਤਾਰਾਂ ਚੋਰੀ ਕੀਤੀਆਂ ਹਨ, ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |