ਅਬੋਹਰ, 23 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਰਾਜਪੁਰਾ ਨੇ ਆਰੀਅਨਜ਼ ਕੈਂਪਸ ਵਿਖੇ 'ਵਿਕਸਤ ਭਾਰਤ ਵਿਜ਼ਨ ਨਾਲ ਜੁੜੇ ਖੋਜ ਅਨੁਵਾਦ ਤੇ ਏ. ਆਈ. ਡਰਾਈਵਡ ਇਨੋਵੇਸ਼ਨ ਈਕੋ ਸਿਸਟਮ 'ਤੇ ਇਕ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ | ਕਾਨਫ਼ਰੰਸ ਦੀ ਪ੍ਰਧਾਨਗੀ ਡਾ. ਅੰਸ਼ੂ ਕਟਾਰੀਆ ਚੇਅਰਮੈਨ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਨੇ ਕੀਤੀ | ਇੰਜੀਨੀਅਰਿੰਗ, ਕਾਨੂੰਨ, ਫਾਰਮੇਸੀ, ਨਰਸਿੰਗ, ਪੈਰਾ-ਮੈਡੀਕਲ, ਫਿਜ਼ੀਓਥੈਰੇਪੀ, ਐਮ. ਬੀ. ਏ., ਬੀ. ਬੀ. ਏ. ਤੇ ਬੀ. ਸੀ. ਏ. ਸਟ੍ਰੀਮ ਦੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਅੰਤਰਰਾਸ਼ਟਰੀ ਮਾਹਿਰਾਂ ਨਾਲ ਗੱਲਬਾਤ ਕੀਤੀ | ਖੋਜ ਸਹਿਯੋਗ, ਨਵੀਨਤਾ ਤੇ ਉਦਯੋਗ ਅਕਾਦਮਿਕ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਅਤੇ ਫਿਊਟਰੇਡ ਇਨੋਵੇਸ਼ਨ ਸਟੂਡੀਓਜ਼ ਵਿਚਕਾਰ ਇਕ ਸਮਝੌਤਾ ਪੱਤਰ 'ਤੇ ਵੀ ਹਸਤਾਖ਼ਰ ਕੀਤੇ ਗਏ | ਮੁੱਖ ਬੁਲਾਰਿਆਂ 'ਚ ਰਸਲਮਰਜ਼ ਸੰਸਥਾਪਕ ਬਿ੍ਸਬੇਨ ਸਟ੍ਰੈਟਜੀ ਵੈਂਚਰਸ ਆਸਟ੍ਰੇਲੀਆ, ਮਾਈਕਲ ਕਲੇਮੈਂਟਸ ਐਮਰੀਟਸ ਪ੍ਰੋਫੈਸਰ ਕਾਲਜ ਆਫ਼ ਪ੍ਰੈਕਟਿਸ, ਮਨੀਸ਼ ਮਿਲਹੋਤਰਾ, ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾ. ਮਨਪ੍ਰੀਤ ਸਿੰਘ ਮੰਨਾ ਆਦਿ ਨੇ ਜ਼ੋਰ ਦੇ ਕੇ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਨੂੰ ਉਦਯੋਗ ਦੀਆਂ ਜ਼ਰੂਰਤਾਂ ਨਾਲ ਖੋਜ ਨੂੰ ਜੋੜਨਾ ਚਾਹੀਦਾ ਹੈ, ਉਦਮਤਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਉਦਯੋਗ ਤਿਆਰ ਗਰੈਜੂਏਟਾਂ ਨੂੰ ਵਿਕਸਤ ਕਰਨ ਲਈ ਅੰਤਰ ਅਨੁਸ਼ਾਸਨੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ | ਡਾ. ਅੰਸ਼ੂ ਕਟਾਰੀਆ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਇਕ ਗਲੋਬਲ ਗਿਆਨ ਹੱਬ ਬਣਨ ਵੱਲ ਲਗਾਤਾਰ ਵੱਧ ਰਿਹਾ ਹੈ ਤੇ ਵਿੱਦਿਅਕ ਸੰਸਥਾਵਾਂ ਨੂੰ ਭਵਿੱਖ ਦੀਆਂ ਚੁਨੌਤੀਆਂ ਲਈ ਨੌਜਵਾਨਾਂ ਨੂੰ ਤਿਆਰ ਕਰਨ ਲਈ ਨਵੀਨਤਾ, ਖੋਜ ਵਪਾਰੀਕਰਨ, ਹੁਨਰ ਵਿਕਾਸ ਤੇ ਉਦਯੋਗ ਸਹਿਯੋਗ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ | ਕਾਨਫ਼ਰੰਸ ਇਕ ਦਿਲਚਸਪ ਇੰਟਰ ਐਕਟਿਵ ਸੈਸ਼ਨ ਨਾਲ ਸਮਾਪਤ ਹੋਈ ਜਿਥੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਮਾਹਿਰਾਂ ਨਾਲ ਉੱਭਰ ਰਹੀਆਂ ਤਕਨਾਲੋਜੀਆਂ, ਕਰੀਅਰ ਦੇ ਮੌਕਿਆਂ ਤੇ ਭਵਿੱਖ ਦੇ ਸਿੱਖਿਆ ਮਾਰਗਾਂ 'ਤੇ ਚਰਚਾ ਕੀਤੀ |