ਅਬੋਹਰ, 24 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੀ ਪੁਰਾਣੀ ਸੂਰਜ ਨਗਰੀ ਸਥਿਤ ਇਕ ਨੌਜਵਾਨ ਨੇ ਆਪਣੇ ਪੱਧਰ 'ਤੇ ਏਸ਼ੀਅਨ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2 ਸੋਨੇ ਦੇ ਤਗਮੇ ਜਿੱਤੇ ਹਨ | ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੋਏ ਮੁਕਾਬਲੇ ਜਿੱਤਣ ਉਪਰੰਤ ਅਬੋਹਰ ਪੁੱਜੇ ਚੈਂਪੀਅਨ ਅਰਿਦਮਜੀਤ ਸਿੰਘ ਦਾ ਉਸ ਦੇ ਪਰਿਵਾਰ ਤੇ ਮੁਹੱਲਾ ਵਾਸੀ ਨੇ ਫੁੱਲਾਂ ਦੇ ਹਾਰ ਪਾਉਂਦੇ ਹੋਏ ਨਿੱਘਾ ਸਵਾਗਤ ਕੀਤਾ | ਜਾਣਕਾਰੀ ਅਨੁਸਾਰ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਏਸ਼ੀਅਨ ਪੱਧਰ ਦੇ ਪਾਵਰ ਲਿਫ਼ਟਿੰਗ ਮੁਕਾਬਲੇ ਕਰਵਾਏ ਗਏ, ਜਿਸ 'ਚ ਹੋਏ ਪਾਵਰ ਲਿਫ਼ਟਿੰਗ ਦੇ ਵੱਖ-ਵੱਖ ਮੁਕਾਬਲਿਆਂ ਵਿਚ ਸਥਾਨਕ ਪੁਰਾਣੀ ਸੂਰਜ ਨਗਰੀ ਵਾਸੀ ਹਰਵਿੰਦਰ ਕੌਰ ਤੇ ਗੁਰਵਿੰਦਰ ਸਿੰਘ ਦੇ ਹੋਣਹਾਰ ਪੁੱਤਰ ਅਰਿਦਮਜੀਤ ਸਿੰਘ ਨੇ ਭਾਗ ਲੈਂਦੇ ਹੋਏ 2 ਸੋਨੇ ਦੇ ਤਗਮੇ ਹਾਸਿਲ ਕੀਤੇ ਹਨ | ਅਰਿਦਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਬੈਂਚ ਪੈੱ੍ਰਸ ਓਪਨ ਸੀਨੀਅਰ 140 ਕਿੱਲੋ ਭਾਰ 'ਚ ਸੋਨੇ ਦਾ ਤਗਮਾ ਤੇ ਸਟਿਰਕ ਆਰਮ ਮੁਕਾਬਲੇ ਵਿਚ ਵੀ ਸੋਨੇ ਦਾ ਤਗਮਾ ਹਾਸਿਲ ਕੀਤਾ ਹੈ | ਉਸ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਸੂਬਾ ਪੱਧਰੀ ਤੇ ਰਾਸ਼ਟਰੀ ਪੱਧਰ 'ਤੇ ਵੀ ਪਾਵਰ ਲਿਫ਼ਟਿੰਗ ਮੁਕਾਬਲਿਆਂ ਵਿਚ ਕਈ ਸਨਮਾਨ ਹਾਸਿਲ ਕਰ ਚੁੱਕਾ ਹੈ | ਇਸ ਤੋਂ ਇਲਾਵਾ ਉਸ ਨੇ ਕੈਨੇਡਾ 'ਚ ਵੀ ਪਾਵਰ ਲਿਫ਼ਟਿੰਗ ਮੁਕਾਬਲਿਆਂ ਵਿਚ ਭਾਗ ਲਿਆ ਹੈ | ਏਸ਼ੀਅਨ ਚੈਂਪੀਅਨ ਅਰਿਦਮਜੀਤ ਸਿੰਘ ਨੇ ਅਫ਼ਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੀ ਤਿਆਰੀ ਸੰਬੰਧੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਵਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ ਜਦ ਕਿ ਉਹ ਆਪਣੇ ਪੱਧਰ 'ਤੇ ਹੀ ਖੇਡਾਂ ਸੰਬੰਧੀ ਮਹਿੰਗੇ ਉਪਕਰਨ ਖ਼ਰੀਦ ਕੇ ਮੁਕਾਬਲਿਆਂ ਵਿਚ ਭਾਗ ਲੈਂਦੇ ਹਨ | ਅਬੋਹਰ ਦੀ ਪੁਰਾਣੀ ਸੂਰਜ ਨਗਰੀ ਸਥਿਤ ਆਪਣੇ ਨਿਵਾਸ ਸਥਾਨ 'ਤੇ ਪੁੱਜਣ ਤੇ ਅਰਿਦਮਜੀਤ ਸਿੰਘ ਦਾ ਉਸ ਦੇ ਮਾਪਿਆਂ ਗੁਰਵਿੰਦਰ ਪਾਲ ਸਿੰਘ ਤੇ ਹਰਵਿੰਦਰ ਕੌਰ ਤੋਂ ਇਲਾਵਾ ਨਰਿੰਦਰ ਸਿੰਘ ਠੇਕੇਦਾਰ, ਹਰਜਿੰਦਰ ਸਿੰਘ, ਪ੍ਰੋਫੈਸਰ ਅਨੁਰਾਗ ਅਸੀਜਾ, ਪਿ੍ਤਪਾਲ ਕੌਰ, ਮਨਵਿੰਦਰ ਸਿੰਘ ਮੰਨੂ ਆਦਿ ਨੇ ਢੋਲ 'ਤੇ ਨੱਚਦੇ ਹੋਏ ਫੁੱਲਾਂ ਦੇ ਹਾਰ ਨਾਲ ਜੇਤੂ ਚੈਂਪੀਅਨ ਦਾ ਮੂੰਹ ਮਿੱਠਾ ਕਰਵਾਇਆ |