ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਚਾਨਣ ਵਾਲਾ ਸਿੱਖਿਆ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿਚ ਵੀ ਆਪਣੀ ਵੱਖਰੀ ਪਛਾਣ ਬਣਾ ਰਿਹਾ ਹੈ | ਸਕੂਲ ਸਟਾਫ਼ ਦੀ ਇਸ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਸਕੂਲ ਮੁਖੀ ਲਵਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਮੁੱਚਾ ਸਟਾਫ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਸਮਾਜਿਕ ਕਾਰਜਾਂ ਲਈ ਵੀ ਪੂਰੀ ਤਰ੍ਹਾਂ ਸਮਰਪਿਤ ਹੈ | ਇਸ ਸੰਬੰਧੀ ਸਕੂਲ ਮੁਖੀ ਲਵਜੀਤ ਸਿੰਘ ਗਰੇਵਾਲ ਤੇ ਅਧਿਆਪਕ ਸਵੀਕਾਰ ਗਾਂਧੀ ਨੇ ਦੱਸਿਆ ਕਿ ਸਕੂਲ ਵਲੋਂ 'ਦਾਖ਼ਾ ਈਸੇਵਾਲ ਕਲੱਬ ਟੋਰਾਂਟੋ' ਦੇ ਸਹਿਯੋਗ ਨਾਲ 'ਸ਼ੰਕਰਾ ਆਈ ਹਸਪਤਾਲ ਲੁਧਿਆਣਾ' ਦੇ ਮਾਹਿਰ ਡਾਕਟਰਾਂ ਦੀ ਟੀਮ ਰਾਹੀਂ ਅੱਖਾਂ ਦੀ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ | ਸਕੂਲ ਅਧਿਆਪਕ ਇਨਕਲਾਬ ਸਿੰਘ ਗਿੱਲ ਤੇ ਸੰਜਮ ਸਚਦੇਵਾ ਨੇ ਦੱਸਿਆ ਕਿ ਸਰਹੱਦੀ ਖੇਤਰ ਦੇ ਲੋਕਾਂ ਦੀ ਸਿਹਤ ਸੰਭਾਲ ਲਈ ਚਾਨਣ ਵਾਲਾ ਸਕੂਲ ਲਗਾਤਾਰ ਯਤਨਸ਼ੀਲ ਹੈ ਤੇ ਇਸੇ ਕੜੀ ਤਹਿਤ ਹਰ ਸਾਲ ਇਹ ਕੈਂਪ ਲਗਾਇਆ ਜਾਂਦਾ ਹੈ | ਮਾਹਿਰ ਡਾਕਟਰਾਂ ਵਲੋਂ 825 ਮਰੀਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ | ਮਰੀਜ਼ਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਤੇ ਐਨਕਾਂ ਵੰਡੀਆਂ ਗਈਆਂ | ਜਾਂਚ ਤੋਂ ਬਾਅਦ 96 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ, ਜਿਨ੍ਹਾਂ ਨੂੰ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਲਿਜਾਇਆ ਜਾ ਰਿਹਾ ਹੈ | ਕੈਂਪ ਨੂੰ ਸਫਲ ਬਣਾਉਣ 'ਚ ਪਿੰਡ ਦੀ ਪੰਚਾਇਤ, ਸਥਾਨਕ ਨੌਜਵਾਨਾਂ ਤੇ ਸਕੂਲ ਦੇ ਸਮੁੱਚੇ ਸਟਾਫ਼ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ | ਪਿੰਡ ਵਾਸੀਆਂ ਨੇ ਸਕੂਲ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਨਾਲ ਗ਼ਰੀਬ ਤੇ ਲੋੜਵੰਦ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੈ |