ਫ਼ਾਜ਼ਿਲਕਾ, 25 ਫਰਵਰੀ (ਦਵਿੰਦਰ ਪਾਲ ਸਿੰਘ)-ਮਾਨਵ ਕਲਿਆਣ ਸਭਾ ਅਤੇ ਮਾਨਵ ਕਲਿਆਣ ਬਿਰਧ ਆਸ਼ਰਮ ਦੀ ਇਕ ਅਹਿਮ ਮੀਟਿੰਗ ਐਡਵੋਕੇਟ ਵਿਸ਼ਨੂੰ ਦੱਤ ਸ਼ਰਮਾ ਅਤੇ ਸ਼੍ਰੀਮਤੀ ਕੰਚਨ ਸ਼ਰਮਾ ਦੇ ਨਿਵਾਸ ਸਥਾਨ ਪ੍ਰੇਮ ਗਲੀ ਵਿਖੇ ਹੋਈ | ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਅਸ਼ੋਕ ਬੁਧੀਰਾਜਾ ਨੂੰ ਦੂਜੀ ਵਾਰ ਸੰਸਥਾ ਦਾ ਪ੍ਰਧਾਨ ਚੁਣ ਲਿਆ ਗਿਆ ਹੈ | ਸੰਸਥਾ ਦੀ ਪਿਛਲੀ ਕਾਰਜਕਾਰਨੀ ਦਾ ਸਮਾਂ ਖ਼ਤਮ ਹੋਣ 'ਤੇ ਨਵੀਂ ਟੀਮ ਦੇ ਗਠਨ ਦਾ ਪ੍ਰਸਤਾਵ ਰੱਖਿਆ ਗਿਆ ਸੀ | ਸੰਸਥਾ ਦੇ ਸਰਪ੍ਰਸਤ ਵਿਸ਼ਨੂੰ ਦੱਤ ਸ਼ਰਮਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਚਦੇਵਾ ਨੇ ਅਸ਼ੋਕ ਬੁਧੀਰਾਜਾ ਦੇ ਨਾਮ ਦੀ ਪੇਸ਼ਕਸ਼ ਕੀਤੀ, ਜਿਸ ਦਾ ਸਮਰਥਨ ਸੁਰਿੰਦਰ ਮੁਲੜੀ ਅਤੇ ਇੰਦਰ ਸਿੰਘ ਸੈਣੀ ਨੇ ਕੀਤਾ | ਸਮੂਹ ਮੈਂਬਰਾਂ ਨੇ ਇਕੱਠੇ ਹੋ ਕੇ ਇਸ ਫ਼ੈਸਲੇ 'ਤੇ ਮੋਹਰ ਲਗਾਈ | ਸਭਾ ਦੇ ਸਾਬਕਾ ਪ੍ਰਧਾਨ ਰਮੇਸ਼ ਕਪੂਰ ਅਤੇ ਸਾਬਕਾ ਸਕੱਤਰ ਸਤੀਸ਼ ਜੋਸ਼ੀ ਨੇ ਦੱਸਿਆ ਕਿ ਨਵੇਂ ਚੁਣੇ ਗਏ ਪ੍ਰਧਾਨ ਨੂੰ ਅਗਲੇ ਇਕ ਮਹੀਨੇ ਦੇ ਅੰਦਰ ਨਵੀਂ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਦਿੱਤੇ ਗਏ ਹਨ | ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਕਾਰਜਕਾਰਨੀ ਵਿਚ ਕੇਵਲ ਉਨ੍ਹਾਂ ਮੈਂਬਰਾਂ ਨੂੰ ਹੀ ਸ਼ਾਮਲ ਕੀਤਾ ਜਾਵੇਗਾ ਜੋ ਸੇਵਾ ਕਾਰਜਾਂ ਲਈ ਪੂਰੀ ਤਰ੍ਹਾਂ ਸਮਰਪਿਤ ਹਨ | ਇਸ ਮੌਕੇ ਬਿਜਲੀ ਵਿਭਾਗ ਦੇ ਸੇਵਾਮੁਕਤ ਜੇ.ਈ. ਜਸਵੰਤ ਰਾਏ, ਇੰਦਰ ਸਿੰਘ ਸੈਣੀ, ਵਿਸ਼ਨੂੰ ਦੱਤ ਸ਼ਰਮਾ, ਕੰਚਨ ਸ਼ਰਮਾ, ਸੁਰਿੰਦਰ ਸਚਦੇਵਾ, ਰਮੇਸ਼ ਕਪੂਰ, ਸੁਰਿੰਦਰ ਮੁਲੜੀ ਅਤੇ ਸਤੀਸ਼ ਜੋਸ਼ੀ ਹਾਜ਼ਰ ਸਨ | ਅਸ਼ੋਕ ਬੁਧੀਰਾਜਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਬਿਰਧ ਆਸ਼ਰਮ ਅਤੇ ਸੰਸਥਾ ਦੇ ਭਲਾਈ ਕਾਰਜਾਂ ਲਈ ਤਨ, ਮਨ ਅਤੇ ਧਨ ਨਾਲ ਸੇਵਾ ਕਰਦੇ ਰਹਿਣਗੇ |