ਫ਼ਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਨਿਵਾਸੀਆਂ ਲਈ ਰਾਹਤ ਦੀ ਖ਼ਬਰ ਹੈ ਕਿ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਚਮੜੀ ਦੇ ਰੋਗਾਂ ਦੇ ਇਲਾਜ ਲਈ ਵਿਸ਼ੇਸ਼ ਓ. ਪੀ. ਡੀ. ਸੇਵਾ ਸ਼ੁਰੂ ਕਰ ਦਿੱਤੀ ਗਈ ਹੈ | ਚਮੜੀ ਰੋਗਾਂ ਦੇ ਮਾਹਿਰ ਡਾ. ਸੌਰਭ ਨਾਰੰਗ ਹਰ ਹਫ਼ਤੇ ਮੰਗਲਵਾਰ ਅਤੇ ਵੀਰਵਾਰ ਨੂੰ ਮਰੀਜ਼ਾਂ ਦੀ ਜਾਂਚ ਕਰਨਗੇ | ਸਿਵਲ ਸਰਜਨ ਡਾ. ਕਵਿਤਾ ਸਿੰਘ ਤੇ ਐੱਸ. ਐੱਮ. ਓ. ਡਾ. ਐਰਿਕ ਨੇ ਦੱਸਿਆ ਕਿ ਹੁਣ ਖੁਜਲੀ, ਦਾਦ, ਸੋਰਾਈਸਿਸ, ਐਕਨੇ, ਐਲਰਜੀ ਤੇ ਵਾਲਾਂ ਦੇ ਝੜਨ ਵਰਗੀਆਂ ਸਮੱਸਿਆਵਾਂ ਲਈ ਮਰੀਜ਼ਾਂ ਨੂੰ ਵੱਡੇ ਸ਼ਹਿਰਾਂ ਵਿਚ ਜਾਣ ਦੀ ਲੋੜ ਨਹੀਂ ਪਵੇਗੀ | ਡਾ. ਐਰਿਕ ਅਨੁਸਾਰ ਹਸਪਤਾਲ 'ਚ ਲੋੜੀਂਦੇ ਲੈਬ ਟੈੱਸਟ ਤੇ ਦਵਾਈਆਂ ਦੀ ਸਹੂਲਤ ਵੀ ਉਪਲਬਧ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਚਮੜੀ ਦੀ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰਨ ਤੇ ਮਾਹਿਰ ਡਾਕਟਰ ਦੀ ਸਲਾਹ ਲੈਣ |