ਫ਼ਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਉੱਤਰ ਪ੍ਰਦੇਸ਼ ਦੇ ਆਗਰਾ ਨਿਵਾਸੀ ਤਾਲੇ ਸਿੰਘ ਦੀ ਪੰਜਾਬ ਸਟੇਟ ਡੀਅਰ-20 ਮੰਥਲੀ ਲਾਟਰੀ 'ਚ 11 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਤਾਲੇ ਸਿੰਘ ਫ਼ਾਜ਼ਿਲਕਾ ਵਿਚ ਸਿਰਫ਼ ਸੋਲਰ ਪਲਾਂਟ ਲਗਾਉਣ ਦੇ ਕੰਮ ਲਈ ਆਇਆ ਹੋਇਆ ਸੀ | ਤਾਲੇ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਡੇਢ ਮਹੀਨੇ ਤੋਂ ਫ਼ਾਜ਼ਿਲਕਾ ਦੇ ਪਿੰਡ ਰਾਣਾ 'ਚ ਸੋਲਰ ਪਲਾਂਟ ਲਗਾਉਣ ਦੇ ਕੰਮ ਵਿਚ ਰੁੱਝਿਆ ਹੋਇਆ ਹੈ | ਬੀਤੇ ਦਿਨੀਂ ਜਦੋਂ ਉਹ ਸ਼ਹਿਰ ਦੇ ਮਹਿਰੀਆਂ ਬਾਜ਼ਾਰ 'ਚ ਘਰ ਦਾ ਰਾਸ਼ਨ ਲੈਣ ਆਇਆ ਸੀ, ਤਾਂ ਉਸ ਨੇ ਰੂਪ ਚੰਦ ਲਾਟਰੀ ਸਟਾਲ ਤੋਂ ਮਹਿਜ਼ 20 ਰੁਪਏ ਦੀ ਇਕ ਲਾਟਰੀ ਟਿਕਟ ਨੰਬਰ ਸੀ 95953 ਸ਼ੌਕੀਆ ਤੌਰ 'ਤੇ ਖ਼ਰੀਦ ਲਈ | ਜਦੋਂ ਨਤੀਜਾ ਆਇਆ ਤਾਂ ਉਸ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ, ਕਿਉਂਕਿ ਉਸ ਦੀ ਟਿਕਟ 'ਤੇ 11 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਸੀ | ਲਾਟਰੀ ਦੀ ਦੁਕਾਨ 'ਤੇ ਪਹੁੰਚੇ ਤਾਲੇ ਸਿੰਘ ਨੇ ਢੋਲ ਦੀ ਥਾਪ 'ਤੇ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਉਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਮੇਰੀ ਕਿਸਮਤ ਨੇ ਮੇਰਾ ਸਾਥ ਦਿੱਤਾ ਹੈ | ਮੈਂ ਇਸ ਇਨਾਮੀ ਰਾਸ਼ੀ ਨੂੰ ਆਪਣੇ ਬੱਚਿਆਂ ਦੀ ਉੱਚ ਵਿੱਦਿਆ ਤੇ ਚੰਗੇ ਭਵਿੱਖ ਲਈ ਖ਼ਰਚ ਕਰਾਂਗਾ | ਲਾਟਰੀ ਸੰਚਾਲਕ ਬੌਬੀ ਨੇ ਦੱਸਿਆ ਕਿ ਪੰਜਾਬ ਸਟੇਟ ਡੀਅਰ ਮੰਥਲੀ ਬੰਪਰ ਦਾ ਇਹ ਪਹਿਲਾ ਇਨਾਮ ਤਾਲੇ ਸਿੰਘ ਦੇ ਹਿੱਸੇ ਆਇਆ ਹੈ ਤੇ ਉਹ ਬੇਹੱਦ ਖ਼ੁਸ਼ ਹਨ ਕਿ ਇਕ ਮਿਹਨਤਕਸ਼ ਇਨਸਾਨ ਦੀ ਕਿਸਮਤ ਚਮਕੀ ਹੈ |