ਮੰਡੀ ਰੋੜਾਂਵਾਲੀ, 27 ਫਰਵਰੀ (ਮਨਜੀਤ ਸਿੰਘ ਬਰਾੜ)-ਹਲਕਾ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਖ਼ਾਸਮਖ਼ਾਸ ਮੰਨੇ ਜਾਂਦੇ ਮਨਜਿੰਦਰ ਸਿੰਘ ਸਾਜਨ ਖੇੜਾ ਵਲੋਂ ਆਮ ਆਦਮੀ ਪਾਰਟੀ ਤੇ ਹਲਕਾ ਵਿਧਾਇਕ ਵਲੋਂ ਦਿੱਤੇ ਸਾਰੇ ਅਹੁਦਿਆਂ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਹੈ | ਉਨ੍ਹਾਂ ਵਲੋਂ ਅੱਜ ਸਵੇਰੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਹ ਅੱਜ ਭਰੇ ਮਨ ਨਾਲ ਆਪ ਸਭ ਨੂੰ ਦੱਸ ਰਹੇ ਹਨ ਕਿ ਉਹ ਕਿਸੇ ਕਾਰਨ ਕਰਕੇ ਆਮ ਆਦਮੀ ਪਾਰਟੀ ਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਦਿੱਤੀ ਸਾਰੇ ਅਹੁਦਿਆਂ ਨੂੰ ਉਹ ਅੱਜ ਤੋਂ ਸਦਾ ਲਈ ਛੱਡ ਰਹੇ ਹਨ, ਜੇਕਰ ਕਿਸੇ ਵੀ ਵਿਅਕਤੀ ਦਾ ਉਨ੍ਹਾਂ ਵਲੋਂ ਕੰਮ ਕਰਦਿਆਂ ਕਿਸੇ ਦਾ ਮਨ ਦੁਖਿਆ ਹੋਵੇ ਤਾਂ ਮੁਆਫ਼ ਕਰਨਾ | ਦੱਸ ਦੇਈਏ ਕਿ ਮਨਜਿੰਦਰ ਸਿੰਘ ਸਾਜਨ ਖੇੜਾ ਗੋਲਡੀ ਕੰਬੋਜ ਨਾਲ ਉਸ ਸਮੇਂ ਦਾ ਜੁੜਿਆ ਹੋਇਆ ਸੀ ਜਦ ਉਨ੍ਹਾਂ ਕੋਲ ਕਿਸੇ ਵੀ ਪਾਰਟੀ ਦਾ ਕੋਈ ਅਹੁਦਾ ਨਹੀਂ ਸੀ | ਗੋਲਡੀ ਕੰਬੋਜ ਦੇ ਹਲਕਾ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਬਣਨ ਤੋਂ ਬਾਅਦ ਵਿਧਾਇਕ ਵਲੋਂ ਮਨਜਿੰਦਰ ਸਿੰਘ ਸਾਜਨ ਖੇੜਾ ਨੂੰ ਅਰਨੀਵਾਲਾ ਜ਼ੈਲ ਸੰਭਾਲਣ ਲਈ ਦਿੱਤੀ ਹੋਈ ਸੀ ਤੇ ਆਪਣਾ ਪੀ. ਏ. ਬਣਾਇਆ ਹੋਇਆ ਸੀ |