ਫ਼ਾਜ਼ਿਲਕਾ, 3 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਅਨਾਜ ਮੰਡੀ ਗੇਟ ਨੇੜੇ ਫਲਾਈਓਵਰ 'ਤੇ ਬੀਤੀ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ | ਫਲਾਈਓਵਰ ਤੋਂ ਉਤਰ ਰਹੀ ਇਕ ਤੇਜ਼ ਰਫ਼ਤਾਰ ਕਾਰ ਸਾਹਮਣੇ ਤੋਂ ਆਉਂਦੇ ਵਾਹਨਾਂ ਦੀ ਤੇਜ਼ ਰੌਸ਼ਨੀ ਕਾਰਨ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ | ਇਸ ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ | ਜਾਣਕਾਰੀ ਦਿੰਦਿਆਂ ਕਾਰ ਚਾਲਕ ਸੌਰਵ ਕੁਮਾਰ ਵਾਸੀ ਜਲਾਲਾਬਾਦ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਫ਼ਾਜ਼ਿਲਕਾ ਦੇ ਪਿੰਡ ਬੇਗਾਂਵਾਲੀ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਸਨ | ਜਦੋਂ ਉਹ ਫ਼ਾਜ਼ਿਲਕਾ ਫਲਾਈਓਵਰ ਤੋਂ ਹੇਠਾਂ ਉੱਤਰਨ ਲੱਗੇ ਤਾਂ ਸਾਹਮਣੇ ਤੋਂ ਆ ਰਹੀਆਂ ਗੱਡੀਆਂ ਦੀਆਂ ਲਾਈਟਾਂ ਸਿੱਧੀਆਂ ਉਨ੍ਹਾਂ ਦੀਆਂ ਅੱਖਾਂ ਵਿਚ ਪਈਆਂ, ਜਿਸ ਕਾਰਨ ਰਾਤ ਦੇ ਹਨੇਰੇ ਵਿਚ ਡਿਵਾਈਡਰ ਦਿਖਾਈ ਨਹੀਂ ਦਿੱਤਾ | ਇਸ ਕਾਰਨ ਗੱਡੀ ਸਿੱਧੀ ਡਿਵਾਈਡਰ 'ਤੇ ਚੜ੍ਹ ਗਈ ਅਤੇ ਕਾਰ ਦਾ ਟਾਇਰ ਫਟ ਗਿਆ | ਮੌਕੇ 'ਤੇ ਮੌਜੂਦ ਸਥਾਨਕ ਦੁਕਾਨਦਾਰ ਪਰਮਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਇਸ ਜਗਾ 'ਤੇ ਹਾਦਸਿਆਂ ਦੀ ਗਿਣਤੀ ਕਾਫ਼ੀ ਵਧ ਗਈ ਹੈ | ਉਨ੍ਹਾਂ ਦੱਸਿਆ ਕਿ ਸਥਾਨਕ ਦੁਕਾਨਦਾਰਾਂ ਨੇ ਆਪਣੇ ਪੱਧਰ 'ਤੇ ਪੈਸੇ ਇਕੱਠੇ ਕਰਕੇ ਇੱਥੇ ਇਕ ਰਿਫ਼ਲੈਕਟਰ ਸਾਈਨ ਬੋਰਡ ਲਗਵਾਇਆ ਸੀ ਤਾਂ ਜੋ ਰਾਤ ਸਮੇਂ ਚਾਲਕਾਂ ਨੂੰ ਡਿਵਾਈਡਰ ਨਜ਼ਰ ਆ ਸਕੇ ਪਰ ਕੁੱਝ ਦਿਨ ਪਹਿਲਾਂ ਉਹ ਰਿਫ਼ਲੈਕਟਰ ਬੋਰਡ ਚੋਰੀ ਹੋ ਗਿਆ, ਜਿਸ ਕਾਰਨ ਹੁਣ ਫਿਰ ਤੋਂ ਹਾਦਸੇ ਵਾਪਰਨੇ ਸ਼ੁਰੂ ਹੋ ਗਏ ਹਨ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇੱਥੇ ਤੁਰੰਤ ਨਵੇਂ ਰਿਫ਼ਲੈਕਟਰ ਲਗਾਏ ਜਾਣ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ |