ਫ਼ਾਜ਼ਿਲਕਾ, 5 ਮਾਰਚ (ਅਮਰਜੀਤ ਸ਼ਰਮਾ)-ਸਥਾਨਕ ਸ਼ਿਵ ਭਵਨ ਵਿਚ ਉਸ ਸਮੇਂ ਇਕ ਮੰਦਭਾਗੀ ਘਟਨਾ ਵਾਪਰੀ, ਜਦੋਂ ਇਕ ਪੀੜਤ ਪਰਿਵਾਰ ਦੇ ਮੈਂਬਰ ਦਾ ਮੋਟਰਸਾਈਕਲ ਚੋਰੀ ਹੋ ਗਿਆ | ਪੀੜਤ ਨਿੱਕੂ ਸੇਠੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੀ ਅੰਤਿਮ ਅਰਦਾਸ ਦੇ ਸਬੰਧ ਵਿਚ ਸ਼ਿਵ ਭਵਨ ਵਿਖੇ ਸ਼ੋਕ ਸਭਾ ਰੱਖੀ ਗਈ ਸੀ | ਜਦੋਂ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸ਼ੋਕ ਸਭਾ ਤੋਂ ਬਾਅਦ ਵਾਪਸ ਜਾਣ ਲੱਗੇ ਤਾਂ ਨਿੱਕੂ ਸੇਠੀ ਦਾ ਮੋਟਰਸਾਈਕਲ ਉੱਥੋਂ ਗ਼ਾਇਬ ਸੀ | ਪੀੜਤ ਨੇ ਦੱਸਿਆ ਕਿ ਉਹ ਪਹਿਲਾਂ ਹੀ ਪਿਤਾ ਦੀ ਮੌਤ ਦੇ ਗ਼ਮ ਵਿਚ ਡੁੱਬੇ ਹੋਏ ਸਨ ਅਤੇ ਇਸ ਚੋਰੀ ਨੇ ਉਨ੍ਹਾਂ ਨੂੰ ਹੋਰ ਵੀ ਮਾਨਸਿਕ ਪਰੇਸ਼ਾਨੀ ਵਿਚ ਪਾ ਦਿੱਤਾ ਹੈ | ਕਾਫ਼ੀ ਭਾਲ ਕਰਨ ਦੇ ਬਾਵਜੂਦ ਵੀ ਮੋਟਰਸਾਈਕਲ ਦਾ ਕੋਈ ਪਤਾ ਨਹੀਂ ਲੱਗ ਸਕਿਆ | ਮੌਕੇ 'ਤੇ ਮੌਜੂਦ ਗੌਰਵ ਸੇਠੀ ਨੇ ਦੱਸਿਆ ਕਿ ਸ਼ੋਕ ਸਭਾ ਕਾਰਨ ਸਾਰੇ ਲੋਕ ਰੁੱਝੇ ਹੋਏ ਸਨ | ਹੈਰਾਨੀ ਦੀ ਗੱਲ ਇਹ ਹੈ ਕਿ ਮੋਟਰਸਾਈਕਲ ਦੀ ਚਾਬੀ ਉਨ੍ਹਾਂ ਦੇ ਕੋਲ ਹੀ ਸੀ, ਪਰ ਫਿਰ ਵੀ ਚੋਰ ਮੋਟਰਸਾਈਕਲ ਲੈ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ | ਪੀੜਤ ਪਰਿਵਾਰ ਵਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ | ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ |