ਅਬੋਹਰ, 5 ਮਾਰਚ (ਵਿਵੇਕ ਹੂੜੀਆ)-ਪੰਜਾਬ ਵਿੱਚ ਵਿਕਾਸ ਕਾਰਜਾਂ ਨੂੰ ਗਤੀ ਦਿੰਦਿਆਂ ਸ਼ਹਿਰਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਇਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ | ਅਬੋਹਰ ਵਿਚ ਮਲੋਟ ਚੌਕ ਪੁਲ ਤੋਂ ਬੁਰਜ ਮੁਹਾਰ ਚੌਕ ਤੱਕ ਬਣਨ ਵਾਲੀ ਨਵੀਂ ਸੜਕ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸ਼ਾਨਦਾਰ ਸੜਕ ਦੀ ਉਸਾਰੀ 'ਤੇ ਕਰੀਬ 12.50 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਪ੍ਰੋਜੈਕਟ ਸ਼ਹਿਰ ਦੇ ਵਿਕਾਸ ਵਿਚ ਮੀਲ ਦਾ ਪੱਥਰ ਸਾਬਤ ਹੋਵੇਗਾ | ਅਰੁਣ ਨਾਰੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲਗਾਤਾਰ ਸੂਬੇ ਦੇ ਵਿਕਾਸ ਲਈ ਠੋਸ ਕਦਮ ਚੁੱਕ ਰਹੀ ਹੈ | ਉਨ੍ਹਾਂ ਕਿਹਾ ਕਿ ਸ਼ਹਿਰਾਂ ਤੇ ਪਿੰਡਾਂ ਵਿਚ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਸਰਕਾਰ ਦਿਲ ਖੋਲ੍ਹ ਕੇ ਖ਼ਰਚ ਕਰ ਰਹੀ ਹੈ | ਇਸ ਸੜਕ ਨੂੰ ਆਧੁਨਿਕ ਅਤੇ ਆਕਰਸ਼ਕ ਰੂਪ ਵਿਚ ਵਿਕਸਤ ਕੀਤਾ ਜਾਵੇਗਾ | ਸੜਕ ਦੇ ਵਿਚਕਾਰ ਸ਼ਾਨਦਾਰ ਫੁੱਟਪਾਥ ਬਣਾਇਆ ਜਾਵੇਗਾ ਅਤੇ ਉੱਥੇ ਫੁੱਲਦਾਰ ਤੇ ਸਜਾਵਟੀ ਪੌਦੇ ਲਗਾਏ ਜਾਣਗੇ, ਜਿਸ ਨਾਲ ਨਾ ਸਿਰਫ਼ ਵਾਤਾਵਰਨ ਨੂੰ ਹੁਲਾਰਾ ਮਿਲੇਗਾ ਸਗੋਂ ਸ਼ਹਿਰ ਦੀ ਸੁੰਦਰਤਾ ਵੀ ਵਧੇਗੀ | ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਇਹ ਸੜਕ ਕਾਫ਼ੀ ਖਸਤਾ ਹਾਲਤ ਵਿਚ ਸੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ | ਹੁਣ ਨਵੀਂ ਸੜਕ ਬਣਨ ਨਾਲ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਇਸ ਪ੍ਰੋਜੈਕਟ ਲਈ ਫ਼ੰਡ ਜਾਰੀ ਕਰਨ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਨਾਲ ਕੋਆਰਡੀਨੇਟਰ ਰਣਧੀਰ ਗਾਬਾ, ਦਵਿੰਦਰ ਸਿੰਘ ਕਾਕਾ, ਬੀਰਬਲ ਕੰਬੋਜ, ਸੁਰਜੀਤ ਸਿੰਘ ਜੀਤ, ਮਨੋਜ ਕੁਮਾਰ, ਰਾਜਿੰਦਰ ਕੰਬੋਜ, ਗੁਰਜੰਟ ਸਿੰਘ, ਹਰੀ ਸੋਲੰਕੀ ਅਤੇ ਅਭਿਸ਼ੇਕ ਸਿਡਾਨਾ ਸਮੇਤ 'ਆਪ' ਵਰਕਰ ਹਾਜ਼ਰ ਸਨ |