ਮੰਡੀ ਘੁਬਾਇਆ, 6 ਮਾਰਚ (ਅਮਨ ਬਵੇਜਾ)-ਪੰਜਾਬ ਵਿਚ ਰੇਤ ਮਾਈਨਿੰਗ ਨੂੰ ਲੈ ਕੇ ਸਰਕਾਰ ਦੀ ਸਪਸ਼ਟ ਨੀਤੀ ਨਾ ਬਣਨ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰਾਜ ਦੇ ਕਈ ਇਲਾਕਿਆਂ ਵਿਚ ਰੇਤ ਮਾਫ਼ੀਆ ਦੀ ਮਨਮਾਨੀ ਕਾਰਨ ਰੇਤ ਦੇ ਭਾਅ ਆਸਮਾਨ ਛੂਹ ਰਹੇ ਹਨ, ਜਿਸ ਨਾਲ ਘਰ ਬਣਾਉਣ ਵਾਲੇ ਆਮ ਲੋਕਾਂ ਦੀ ਜੇਬ 'ਤੇ ਵੱਡਾ ਬੋਝ ਪੈ ਰਿਹਾ ਹੈ | ਜਾਣਕਾਰੀ ਮੁਤਾਬਿਕ ਕਈ ਥਾਵਾਂ 'ਤੇ ਕਥਿਤ ਤੌਰ 'ਤੇ ਗ਼ੈਰਕਾਨੰੂਨੀ ਤਰੀਕੇ ਨਾਲ ਰੇਤ ਦੀ ਖ਼ੁਦਾਈ ਹੋ ਰਹੀ ਹੈ ਅਤੇ ਮਾਫ਼ੀਆ ਵਲੋਂ ਮਨਮਰਜ਼ੀ ਦੇ ਭਾਅ ਵਸੂਲੇ ਜਾ ਰਹੇ ਹਨ | ਪਹਿਲਾਂ ਜਿੱਥੇ ਰੇਤ ਆਮ ਲੋਕਾਂ ਨੂੰ ਕਾਫ਼ੀ ਸਸਤੇ ਭਾਅ 'ਤੇ ਮਿਲ ਜਾਂਦੀ ਸੀ, ਉੱਥੇ ਹੁਣ ਇਸ ਦੀ ਕੀਮਤ ਕਈ ਗੁਣਾ ਵੱਧ ਚੁੱਕੀ ਹੈ | ਇਸ ਕਾਰਨ ਘਰਾਂ ਦੀ ਉਸਾਰੀ ਦੇ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ | ਘਰਾਂ ਦੀ ਉਸਾਰੀ ਦੇ ਕੰਮ ਨਾ ਚੱਲਣ ਕਾਰਨ ਜਿੱਥੇ ਮਜ਼ਦੂਰ ਵਰਗ ਪ੍ਰੇਸ਼ਾਨ ਹੈ, ਉੱਥੇ ਹੀ ਇਸ ਨਾਲ ਉਸਾਰੀ ਕਿਰਤੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਮਾਈਨਿੰਗ ਨੂੰ ਲੈ ਕੇ ਕੋਈ ਢੁਕਵੀਂ ਅਤੇ ਪਾਰਦਰਸ਼ੀ ਪਾਲਿਸੀ ਨਾ ਬਣਾਉਣ ਕਾਰਨ ਰੇਤ ਮਾਫ਼ੀਆ ਹੋਰ ਹੌਸਲੇ ਨਾਲ ਗ਼ੈਰਕਾਨੰੂਨੀ ਕੰਮ ਕਰ ਰਹੇ ਹਨ | ਕਈ ਥਾਵਾਂ 'ਤੇ ਭਾਰੀ ਮਸ਼ੀਨਾਂ ਨਾਲ ਖ਼ੁਦਾਈ ਕੀਤੀ ਜਾ ਰਹੀ ਹੈ, ਜਿਸ ਨਾਲ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ | ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਈਨਿੰਗ ਨੂੰ ਲੈ ਕੇ ਜਲਦ ਤੋਂ ਜਲਦ ਸਪਸ਼ਟ ਨੀਤੀ ਤਿਆਰ ਕੀਤੀ ਜਾਵੇ ਅਤੇ ਗ਼ੈਰਕਾਨੰੂਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਜੇ ਸਮੇਂ ਸਿਰ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਹਨ |