ਫ਼ਾਜ਼ਿਲਕਾ, 8 ਮਾਰਚ (ਦਵਿੰਦਰ ਪਾਲ ਸਿੰਘ)-ਧੰਨ-ਧੰਨ ਬਾਬਾ ਭੂੰਮਣ ਸ਼ਾਹ ਜੀ ਮਹਾਰਾਜ ਦੇ ਗੱਦੀਨਸ਼ੀਨ ਬਾਬਾ ਬ੍ਰਹਮ ਦਾਸ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਬਾਬਾ ਭੂੰਮਣ ਸ਼ਾਹ ਦੇ ਨਾਮ 'ਤੇ ਬਣਾਏ ਗਏ ਚੌਕ ਦਾ ਉਦਘਾਟਨ ਕੀਤਾ | ਇਸ ਮੌਕੇ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ | ਇਸ ਮੌਕੇ ਵਿਧਾਇਕ ਸਵਨਾ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਲਾਕੇ ਦੀ ਸੰਗਤ ਵਲੋਂ ਲੰਬੇ ਸਮੇਂ ਤੋਂ ਬਾਬਾ ਭੂੰਮਣ ਸ਼ਾਹ ਦੇ ਨਾਮ 'ਤੇ ਚੌਕ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ | ਉਨ੍ਹਾਂ ਕਿਹਾ ਕਿ ਸੰਗਤ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਨਗਰ ਕੌਂਸਲ ਫ਼ਾਜ਼ਿਲਕਾ ਵਲੋਂ ਇਸ ਦਾ ਮਤਾ ਪਵਾਇਆ ਗਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੌਕ ਲਈ ਜਗਾ ਦੇਣ ਦੀ ਪ੍ਰਵਾਨਗੀ ਦਿੱਤੀ ਗਈ | ਵਿਧਾਇਕ ਸਵਨਾ ਨੇ ਦੱਸਿਆ ਕਿ ਸਰਕਾਰ ਵਲੋਂ ਅਨੁਮਤੀ ਮਿਲਣ ਤੋਂ ਬਾਅਦ ਡੇਰਾ ਬਾਬਾ ਭੂੰਮਣ ਸ਼ਾਹ ਸੰਗਰ ਸਾਧਾ, ਜ਼ਿਲ੍ਹਾ ਸਿਰਸਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਇਸ ਖ਼ੂਬਸੂਰਤ ਚੌਕ ਦਾ ਨਿਰਮਾਣ ਕਰਵਾਇਆ ਗਿਆ ਹੈ | ਬਾਬਾ ਬ੍ਰਹਮ ਦਾਸ ਨੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਸਮੁੱਚੀ ਲੋਕਾਈ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਭਾਰੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ |