ਫ਼ਾਜ਼ਿਲਕਾ, 12 ਮਾਰਚ (ਦਵਿੰਦਰ ਪਾਲ ਸਿੰਘ)-ਦਿੱਲੀ ਪੁਲਿਸ ਦੇ ਆਈ.ਪੀ.ਐੱਸ.ਅਧਿਕਾਰੀ ਅਤੇ ਡੀ.ਸੀ.ਪੀ. ਵਿਪੁਲ ਅਨੇਕਾਂਤ ਦੇ ਸਥਾਨਕ ਜੀ.ਏ.ਵੀ. ਜੈਨ ਆਦਰਸ਼ ਸਕੂਲ ਪਹੁੰਚਣ 'ਤੇ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਸਕੂਲ ਦੇ ਚੇਅਰਮੈਨ ਐਡਵੋਕੇਟ ਅਨਿਲ ਜੈਨ ਦੀ ਅਗਵਾਈ ਹੇਠ ਪਿ੍ੰਸੀਪਲ ਨਰੇਸ਼ ਸਪੜਾ ਅਤੇ ਸਮੂਹ ਸਟਾਫ਼ ਨੇ ਉਨ੍ਹਾਂ ਦਾ ਅਭਿਨੰਦਨ ਕੀਤਾ | ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਨੇ ਦੱਸਿਆ ਕਿ ਡੀ.ਸੀ.ਪੀ.ਵਿਪੁਲ ਅਨੇਕਾਂਤ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ 4500 ਕਿੱਲੋਮੀਟਰ ਦੀ ਸਾਈਕਲ ਯਾਤਰਾ ਕਰ ਰਹੇ ਹਨ, ਜਿਸ ਵਿਚੋਂ ਉਹ 3500 ਕਿੱਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਹਨ | ਉਨ੍ਹਾਂ ਦੀ ਇਸ ਯਾਤਰਾ ਦਾ ਮੁੱਖ ਮਕਸਦ ਲੋਕਾਂ ਨੂੰ 'ਦੇਹ ਦਾਨ' ਲਈ ਪ੍ਰੇਰਿਤ ਕਰਨਾ ਹੈ | ਉਨ੍ਹਾਂ ਦੱਸਿਆ ਕਿ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਕੋਲ ਖੋਜ ਲਈ ਮਨੁੱਖੀ ਸਰੀਰਾਂ ਦੀ ਬਹੁਤ ਘਾਟ ਹੈ, ਜਿਸ ਕਾਰਨ ਉਨ੍ਹਾਂ ਨੇ ਇਹ ਬੀੜਾ ਚੁੱਕਿਆ ਹੈ |ਡੀ.ਸੀ.ਪੀ. ਅਨੇਕਾਂਤ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਉਨ੍ਹਾਂ ਦਾ ਸਰੀਰ ਜੂਨਾਗੜ੍ਹ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਗਿਆ ਸੀ | ਆਪਣੇ ਦਾਦਾ ਜੀ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਖ਼ੁਦ ਵੀ ਆਪਣੀ ਦੇਹ ਮੈਡੀਕਲ ਖੋਜ ਲਈ ਦਾਨ ਕਰਨ ਦਾ ਪ੍ਰਣ ਲਿਆ ਹੈ | ਸਾਈਕਲ ਯਾਤਰਾ ਰਾਹੀਂ ਉਹ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਣ ਦਾ ਸੁਨੇਹਾ ਵੀ ਦੇ ਰਹੇ ਹਨ | ਚੇਅਰਮੈਨ ਐਡਵੋਕੇਟ ਅਨਿਲ ਜੈਨ ਅਤੇ ਪਿ੍ੰਸੀਪਲ ਨਰੇਸ਼ ਸਪੜਾ ਨੇ ਕਿਹਾ ਕਿ ਅਜਿਹੇ ਉੱਚ ਅਧਿਕਾਰੀ ਦਾ ਸਕੂਲ ਆਉਣਾ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੈ | ਡੀ.ਸੀ.ਪੀ.ਨੇ ਸਕੂਲ ਦੇ ਅਨੁਸ਼ਾਸਨ ਅਤੇ ਆਧੁਨਿਕ ਸਹੂਲਤਾਂ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਇੱਕ ਜਾਗਰੂਕ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ |