ਫ਼ਾਜ਼ਿਲਕਾ, 27 ਮਾਰਚ(ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਡਾ.ਕਵਿਤਾ ਸਿੰਘ ਦੀ ਵਿਸ਼ੇਸ਼ ਨਿਗਰਾਨੀ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਰਿੰਕੂ ਚਾਵਲਾ ਦੀ ਦੇਖ-ਰੇਖ ਹੇਠ ਜੱਟ ਵਾਲੀ ਸਥਿਤ ਮੁੜ ਵਸੇਬਾ ਅਤੇ ਓ.ਏ.ਟੀ.ਟੀ.ਕੇਂਦਰ 'ਚ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਉਲੀਕਿਆ ਗਿਆ | ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਐੱਚ.ਪੀ.ਵੀ. ਟੀਕਾਕਰਨ ਅਤੇ 'ਆਭਾ' ਆਈ.ਡੀ. ਬਣਾਉਣ ਦੇ ਫ਼ਾਇਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਸਿਵਲ ਸਰਜਨ ਡਾ.ਕਵਿਤਾ ਸਿੰਘ ਨੇ ਦੱਸਿਆ ਕਿ 'ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ' ਤਹਿਤ ਹੁਣ ਮਰੀਜ਼ਾਂ ਦੇ ਇਲਾਜ ਦਾ ਰਿਕਾਰਡ ਆਨਲਾਈਨ ਕੀਤਾ ਜਾ ਰਿਹਾ ਹੈ | ਇਸ ਲਈ ਹਰੇਕ ਨਾਗਰਿਕ ਦੀ ਇੱਕ ਵਿਲੱਖਣ 'ਆਭਾ ਆਈ.ਡੀ.' ਬਣਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਪਰਚੀ ਬਣਵਾਉਣ ਲਈ ਲੰਬੀਆਂ ਲਾਈਨਾਂ ਤੋਂ ਬਚਣ ਲਈ ਲੋਕਾਂ ਨੂੰ ਆਪਣੀ ਇਹ ਆਈ.ਡੀ. ਤੁਰੰਤ ਬਣਵਾਉਣੀ ਚਾਹੀਦੀ ਹੈ | ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਵਿਨੋਦ ਖੁਰਾਨਾ ਨੇ ਦੱਸਿਆ ਕਿ 'ਆਭਾ ਆਈ.ਡੀ.' ਬਣਨ ਨਾਲ ਮਰੀਜ਼ ਨੂੰ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਜਾਣ ਸਮੇਂ ਪੁਰਾਣੀਆਂ ਐਕਸ-ਰੇਅ ਰਿਪੋਰਟਾਂ ਜਾਂ ਦਸਤਾਵੇਜ਼ ਨਾਲ ਚੁੱਕਣ ਦੀ ਲੋੜ ਨਹੀਂ ਪਵੇਗੀ | ਡਾਕਟਰ ਇਸ ਆਈ.ਡੀ. ਰਾਹੀਂ ਮਰੀਜ਼ ਦਾ ਸਾਰਾ ਡਾਟਾ ਆਨਲਾਈਨ ਦੇਖ ਸਕਣਗੇ, ਜਿਸ ਨਾਲ ਇਲਾਜ ਵਿਚ ਦੇਰੀ ਨਹੀਂ ਹੋਵੇਗੀ | ਉਨ੍ਹਾਂ ਦੱਸਿਆ ਕਿ ਆਧਾਰ ਕਾਰਡ ਨਾਲ ਲਿੰਕ ਮੋਬਾਈਲ ਨੰਬਰ ਰਾਹੀਂ ਕੋਈ ਵੀ ਵਿਅਕਤੀ ਖ਼ੁਦ ਜਾਂ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਸਹਾਇਤਾ ਕੇਂਦਰਾਂ ਤੋਂ ਇਹ ਆਈ.ਡੀ. ਮੁਫ਼ਤ ਬਣਵਾ ਸਕਦਾ ਹੈ | ਪ੍ਰੋਗਰਾਮ ਦੌਰਾਨ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੀਆਂ 14 ਤੋਂ 15 ਸਾਲ ਦੀਆਂ ਲੜਕੀਆਂ ਦਾ ਐੱਚ.ਪੀ.ਵੀ. ਟੀਕਾਕਰਨ ਜ਼ਰੂਰ ਕਰਵਾਉਣ | ਇਹ ਟੀਕਾ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਅ ਲਈ ਬਹੁਤ ਸਾਰਥਿਕ ਹੈ | ਇਸ ਮੌਕੇ ਦਿਵੇਸ਼ ਕੁਮਾਰ, ਸੁਖਦੇਵ ਸਿੰਘ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ |