ਮੰਡੀ ਅਰਨੀਵਾਲਾ, 27 ਮਾਰਚ (ਨਿਸ਼ਾਨ ਸਿੰਘ ਮੋਹਲ਼ਾ)-ਸਥਾਨਕ ਕਸਬੇ ਵਿਚ ਖ਼ੁਰਾਕ ਤੇ ਸਪਲਾਈ ਵਿਭਾਗ ਵਲੋਂ ਵਪਾਰਕ ਅਦਾਰਿਆਂ 'ਤੇ ਐਲ.ਪੀ.ਜੀ ਗੈੱਸ ਸਿਲੰਡਰਾਂ ਦੀ ਵਰਤੋਂ ਸਬੰਧੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ | ਖ਼ੁਰਾਕ ਤੇ ਸਪਲਾਈ ਵਿਭਾਗ ਅਫ਼ਸਰ ਫ਼ਾਜ਼ਿਲਕਾ ਰਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਕੀਤੀ ਗਈ ਇਸ ਚੈਕਿੰਗ ਦੌਰਾਨ ਟੀਮ ਵਿਚ ਇੰਸਪੈਕਟਰ ਸੰਦੀਪ ਕੁਮਾਰ ਛਾਬੜਾ, ਇੰਸਪੈਕਟਰ ਗਗਨਦੀਪ ਗਾਂਧੀ, ਇੰਸਪੈਕਟਰ ਰਾਜਵਿੰਦਰ ਪਾਲ ਸਿੰਘ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਵੀ ਮੌਜੂਦ ਰਹੇ | ਚੈਕਿੰਗ ਦਾ ਮੁੱਖ ਮਕਸਦ ਵਪਾਰਕ ਸਥਾਨਾਂ 'ਤੇ ਘਰੇਲੂ ਐਲ.ਪੀ.ਜੀ ਸਿਲੰਡਰਾਂ ਦੀ ਗ਼ੈਰਕਾਨੰੂਨੀ ਵਰਤੋਂ ਨੂੰ ਰੋਕਣਾ ਸੀ | ਇਸ ਮੁਹਿੰਮ ਦੌਰਾਨ ਦੋ ਅਜਿਹੇ ਮਾਮਲੇ ਸਾਹਮਣੇ ਆਏ ਜਿੱਥੇ ਕਮਰਸ਼ੀਅਲ ਵਰਤੋਂ ਲਈ ਘਰੇਲੂ ਸਿਲੰਡਰ ਵਰਤੇ ਜਾ ਰਹੇ ਸਨ | ਵਿਭਾਗ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਨੋ ਸਿਲੰਡਰ ਜ਼ਬਤ ਕਰ ਲਏ ਗਏ | ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਚੈਕਿੰਗ ਮੁਹਿੰਮਾਂ ਜਾਰੀ ਰਹਿਣਗੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨੀ ਨਿਯਮਾਂ ਦੀ ਪਾਲਨਾ ਕਰਨ ਅਤੇ ਸਿਰਫ਼ ਕਮਰਸ਼ੀਅਲ ਵਰਤੋਂ ਲਈ ਮਨਜ਼ੂਰਸ਼ੁਦਾ ਸਿਲੰਡਰਾਂ ਦੀ ਹੀ ਵਰਤੋਂ ਕਰਨ |