ਅਬੋਹਰ, 27 ਮਾਰਚ (ਵਿਵੇਕ ਹੂੜੀਆ)-ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਮੋਨਾ ਜੈਸਵਾਲ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿਚ ਕੀਤੀ ਗਈ ਕਟੌਤੀ ਦਾ ਪੁਰਜ਼ੋਰ ਸਵਾਗਤ ਕੀਤਾ ਹੈ | ਉਨ੍ਹਾਂ ਇਸ ਨੂੰ ਆਮ ਜਨਤਾ ਨੂੰ ਵੱਡੀ ਰਾਹਤ ਦੇਣ ਵਾਲਾ ਇੱਕ ਸਾਹਸੀ ਅਤੇ ਇਤਿਹਾਸਕ ਕਦਮ ਦੱਸਿਆ ਹੈ | ਮੋਨਾ ਜੈਸਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿਚ ਉਤਾਰ-ਚੜ੍ਹਾਅ ਜਾਰੀ ਹੈ, ਅਜਿਹੇ ਸਮੇਂ ਵਿਚ ਕੇਂਦਰ ਸਰਕਾਰ ਨੇ ਜਨਤਾ ਦੇ ਹਿਤਾਂ ਨੂੰ ਸਭ ਤੋਂ ਉੱਪਰ ਰੱਖਿਆ ਹੈ | ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਘਟਣ ਨਾਲ ਜਿੱਥੇ ਆਮ ਆਦਮੀ ਦੀ ਜੇਬ 'ਤੇ ਬੋਝ ਘਟੇਗਾ, ਉੱਥੇ ਹੀ ਢੋਆ-ਢੁਆਈ ਦੀ ਲਾਗਤ ਘਟਣ ਨਾਲ ਮਹਿੰਗਾਈ 'ਤੇ ਵੀ ਨੱਥ ਪਾਈ ਜਾ ਸਕੇਗੀ | ਇਹ ਫ਼ੈਸਲਾ ਕਿਸਾਨਾਂ, ਵਪਾਰੀਆਂ ਅਤੇ ਮੱਧ ਵਰਗ ਲਈ ਵਰਦਾਨ ਸਾਬਤ ਹੋਵੇਗਾ | ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਭਾਜਪਾ ਆਗੂ ਨੇ ਕਿਹਾ ਕਿ ਜਦੋਂ ਵੀ ਦੇਸ਼ ਕਿਸੇ ਚੁਣੌਤੀਪੂਰਨ ਸਥਿਤੀ ਵਿਚੋਂ ਗੁਜ਼ਰਦਾ ਹੈ ਤਾਂ ਕੁੱਝ ਦੇਸ਼ ਵਿਰੋਧੀ ਅਨਸਰ 'ਆਫ਼ਤ ਵਿਚ ਅਵਸਰ' ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜਨਤਾ ਨੂੰ ਗੁਮਰਾਹ ਕਰਦੇ ਹਨ | ਉਨ੍ਹਾਂ ਸਪਸ਼ਟ ਕੀਤਾ ਕਿ ਦੇਸ਼ ਦੀ ਜਨਤਾ ਹੁਣ ਜਾਗਰੂਕ ਹੈ ਅਤੇ ਸਚਾਈ ਨੂੰ ਚੰਗੀ ਤਰ੍ਹਾਂ ਪਛਾਣਦੀ ਹੈ | ਉਨ੍ਹਾਂ ਭਰੋਸਾ ਜਤਾਇਆ ਕਿ ਭਾਜਪਾ ਸਰਕਾਰ ਭਵਿੱਖ ਵਿਚ ਵੀ ਇਸੇ ਤਰ੍ਹਾਂ ਲੋਕ ਭਲਾਈ ਦੇ ਫ਼ੈਸਲੇ ਲੈਂਦੀ ਰਹੇਗੀ ਅਤੇ ਦੇਸ਼ ਨੂੰ ਵਿਕਾਸ ਦੀ ਰਾਹ 'ਤੇ ਅੱਗੇ ਵਧਾਏਗੀ |