ਈ.ਟੀ.ਟੀ.ਅਧਿਆਪਕਾਂ ਨਾਲ ਹੋਈ ਧੱਕੇਸ਼ਾਹੀ ਦੀ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਪੁਰਜ਼ੋਰ ਨਿੰਦਾ
ਫ਼ਾਜ਼ਿਲਕਾ, 22 ਅਗਸਤ (ਦਵਿੰਦਰ ਪਾਲ ਸਿੰਘ)-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਅੱਗੇ ਇਨਸਾਫ਼ ਦੀ ਮੰਗ ਕਰ ਰਹੇ 180 ਈ. ਟੀ.
ਫ਼ਾਜ਼ਿਲਕਾ, 22 ਅਗਸਤ (ਦਵਿੰਦਰ ਪਾਲ ਸਿੰਘ)-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਅੱਗੇ ਇਨਸਾਫ਼ ਦੀ ਮੰਗ ਕਰ ਰਹੇ 180 ਈ.ਟੀ.ਟੀ. ਅਧਿਆਪਕਾਂ ਨਾਲ ਕੀਤੀ ਗਈ ਧੱਕੇਸ਼ਾਹੀ ਅਤੇ ਮਾਰਕੁੱਟ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਮਨੋਹਰ ਲਾਲ ਸ਼ਰਮਾ ਅਤੇ ਪ੍ਰੈੱਸ ਸਕੱਤਰ ਕਰਨੈਲ ਫਿਲੌਰ ਨੇ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨਾਲ ਪੁਲਿਸ ਵਲੋਂ ਬਦਸਲੂਕੀ ਕੀਤੀ ਗਈ। ਇਸ ਦੌਰਾਨ ਮਹਿਲਾ ਅਧਿਆਪਕਾਵਾਂ ਨਾਲ ਵੀ ਧੱਕੇਸ਼ਾਹੀ ਕੀਤੀ ਗਈ, ਅਧਿਆਪਕਾਂ ਦੇ ਕੱਪੜੇ ਪਾੜੇ ਗਏ, ਉਨ੍ਹਾਂ ਨੂੰ ਜ਼ਬਰਦਸਤੀ ਗੱਡੀਆਂ ਵਿਚ ਤਾੜਿਆ ਗਿਆ ਅਤੇ ਪੱਗਾਂ ਦੀ ਬੇਅਦਬੀ ਵੀ ਕੀਤੀ ਗਈ। ਇਸ ਸੰਬੰਧੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਯੂਨੀਅਨ ਆਗੂਆਂ ਪਰਮਜੀਤ ਸਿੰਘ ਸ਼ੋਰੇਵਾਲਾ, ਭਗਵੰਤ ਭਠੇਜਾ, ਨਿਸ਼ਾਂਤ ਅਗਰਵਾਲ, ਅਮਨਦੀਪ ਸਿੰਘ, ਰਾਜੀਵ ਕੁਮਾਰ, ਕੁਲਬੀਰ ਸਿੰਘ, ਰਾਜ ਕੁਮਾਰ ਖੱਤਰੀ, ਸ਼ਗਨ ਲਾਲ, ਓਮ ਪ੍ਰਕਾਸ਼, ਵਿਜੇ ਕੁਮਾਰ ਅਤੇ ਵਿਨੈ ਕੁਮਾਰ ਨੇ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਸਰਕਾਰ ਵਲੋਂ ਪੁਲਿਸ ਜਬਰ ਦਾ ਇਸਤੇਮਾਲ ਕਰਨਾ ਲੋਕਤੰਤਰਿਕ ਅਧਿਕਾਰਾਂ ਦਾ ਘਾਣ ਹੈ।