10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਫ਼ਾਜ਼ਿਲਕਾ ਦੇ ਪੈਟਰੋਲ ਪੰਪਾਂ 'ਤੇ ਤੇਲ ਲਈ ਮਚੀ ਹਾਹਾਕਾਰ-ਅਫ਼ਵਾਹਾਂ ਕਾਰਨ ਉਮੜਿਆ ਜਨ ਸੈਲਾਬ

Ad Position 21
No active advertisement
ਅਜੀਤ ਡੈਸਕ 29-03-2026
ਫ਼ਾਜ਼ਿਲਕਾ, 28 ਮਾਰਚ (ਦਵਿੰਦਰ ਪਾਲ ਸਿੰਘ)-ਸਰਹੱਦੀ ਸ਼ਹਿਰ ਫ਼ਾਜ਼ਿਲਕਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪਿਛਲੇ ਦੋ-ਤਿੰਨ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਭਾਰੀ ਅਫ਼ਰਾ-ਤਫ਼ਰੀ ਵਾਲਾ ਮਾਹੌਲ ਬਣਿਆ ਹੋਇਆ ਹੈ | ਸੋਸ਼ਲ ਮੀਡੀਆ 'ਤੇ ਫੈਲੀਆਂ ਲਾਕਡਾਊਨ ਅਤੇ ਤੇਲ ਦੀ ਕਿੱਲਤ ਸਬੰਧੀ ਅਫ਼ਵਾਹਾਂ ਤੋਂ ਬਾਅਦ ਲੋਕ ਵੱਡੀ ਗਿਣਤੀ ਵਿਚ ਪੈਟਰੋਲ ਪੰਪਾਂ 'ਤੇ ਉਮੜ ਰਹੇ ਹਨ | ਸ਼ਹਿਰ ਦੇ ਮੁੱਖ ਫਲਾਈਓਵਰ ਨੇੜੇ ਸਥਿਤ ਸੇਤੀਆ ਪੈਟਰੋਲ ਪੰਪ 'ਤੇ ਵਾਹਨਾਂ ਦੀਆਂ ਕਈ ਕਿੱਲੋਮੀਟਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ | ਪੰਪ ਸੰਚਾਲਕ ਸੁਮੰਤ ਸੇਤੀਆ ਨੇ ਮੌਜੂਦਾ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਮਹਿਜ਼ ਲੋਕਾਂ ਦਾ ਵਹਿਮ ਦੱਸਿਆ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਤੇਲ ਕੰਪਨੀਆਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਪਲਾਈ ਬੰਦ ਹੋਣ ਸਬੰਧੀ ਕੋਈ ਵੀ ਹਦਾਇਤ ਜਾਰੀ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਡੀਪੂਆਂ ਤੋਂ ਤੇਲ ਦੀਆਂ ਗੱਡੀਆਂ ਰੋਜ਼ਾਨਾ ਨਿਯਮਤ ਰੂਪ ਵਿਚ ਪਹੁੰਚ ਰਹੀਆਂ ਹਨ, ਪਰ ਲੋਕਾਂ ਵਿਚ ਬੇਵਜ੍ਹਾ ਡਰ ਫੈਲਾਇਆ ਜਾ ਰਿਹਾ ਹੈ | ਸੁਮੰਤ ਸੇਤੀਆ ਨੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਲੋਕ ਘਰਾਂ ਵਿਚ ਤੇਲ ਦੇ ਡਰੰਮ ਭਰਨੇ ਬੰਦ ਕਰਨ | ਉਨ੍ਹਾਂ ਤਰਕ ਦਿੱਤਾ ਕਿ ਜੇਕਰ ਹਰ ਵਿਅਕਤੀ ਆਪਣੀ ਲੋੜ ਤੋਂ ਤਿੰਨ ਗੁਣਾ ਵੱਧ ਤੇਲ ਲੈ ਜਾਵੇਗਾ ਤਾਂ ਪੰਪਾਂ 'ਤੇ ਤੇਲ ਦੀ ਬਨਾਵਟੀ ਕਮੀ ਹੋਣੀ ਸੁਭਾਵਿਕ ਹੈ | ਉਨ੍ਹਾਂ ਦੱਸਿਆ ਕਿ ਪਿਛਲੇ 48 ਘੰਟਿਆਂ ਵਿਚ ਤੇਲ ਦੀ ਵਿੱਕਰੀ ਵਿਚ ਅਚਾਨਕ ਭਾਰੀ ਉਛਾਲ ਆਇਆ ਹੈ | ਤੇਲ ਕੰਪਨੀ ਦੇ ਸੇਲਜ਼ ਅਫ਼ਸਰ ਨੇ ਵੀ ਭਰੋਸਾ ਦਿੱਤਾ ਹੈ ਕਿ ਸਟਾਕ ਦੀ ਕੋਈ ਕਮੀ ਨਹੀਂ ਹੈ, ਬੱਸ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ | ਫ਼ਾਜ਼ਿਲਕਾ ਦੇ ਨਾਲ-ਨਾਲ ਫ਼ਿਰੋਜ਼ਪੁਰ ਅਤੇ ਜਲਾਲਾਬਾਦ ਵਿਚ ਵੀ ਅਜਿਹੇ ਹੀ ਹਾਲਾਤ ਬਣੇ ਹੋਏ ਹਨ | ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵਲੋਂ ਹੁਣ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਕਿਸੇ ਵੀ ਵਿਅਕਤੀ ਨੂੰ ਖੁੱਲ੍ਹੇ ਡਰੰਮਾਂ, ਕੇਨੀਆਂ ਜਾਂ ਬੋਤਲਾਂ ਵਿਚ ਤੇਲ ਨਾ ਦਿੱਤਾ ਜਾਵੇ | ਸੇਤੀਆ ਨੇ ਅੰਤ ਵਿਚ ਲੋਕਾਂ ਨੂੰ ਅਪੀਲ ਕੀਤੀ ਕਿ ਅਫ਼ਵਾਹਾਂ ਦਾ ਡਟ ਕੇ ਸਾਹਮਣਾ ਕਰੋ ਅਤੇ ਸਿਰਫ਼ ਵਾਹਨਾਂ ਦੀ ਟੈਂਕੀ ਵਿਚ ਹੀ ਲੋੜ ਅਨੁਸਾਰ ਤੇਲ ਪੁਆਓ ਤਾਂ ਜੋ ਅਵਿਵਸਥਾ ਨਾ ਫੈਲੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਤੰਬੂ ਵਾਲਾ ਵਿਖੇ ਸਮਾਗਮ 'ਚ 42 ਪ੍ਰਾਣੀ ਅੰਮਿ੍ਤ ਛਕ ਕੇ ਸਿੰਘ ਸਜੇ ਅਗਲੀ ਖ਼ਬਰ ਪਿੰਡ ਰਟੌਲ ਬੇਟ ਦੇ ਨੌਜਵਾਨ ਦੀ ਆਬੂਧਾਬੀ ਵਿਚ ਕਰੰਟ ਲੱਗਣ ਨਾਲ ਮੌਤ
Ad Position 24