ਫ਼ਾਜ਼ਿਲਕਾ, 2 ਅਪ੍ਰੈਲ (ਦਵਿੰਦਰ ਪਾਲ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਪਿੰਡ ਜੋੜਕੀ ਕੰਕਰ ਵਾਲੀ ਵਿਖੇ ਤਿੰਨ ਰੋਜ਼ਾ 'ਪ੍ਰਭੂ ਸ੍ਰੀ ਰਾਮ ਮਹਿਮਾ' ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੇ ਪਹਿਲੇ ਦਿਨ ਸਾਧਵੀ ਸੁਮਨ ਭਾਰਤੀ ਨੇ 'ਰਾਮ ਰਾਜ' ਦੇ ਪ੍ਰਸੰਗ ਨੂੰ ਬਹੁਤ ਹੀ ਰੋਚਕ ਅਤੇ ਅਧਿਆਤਮਿਕ ਢੰਗ ਨਾਲ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ | ਸਾਧਵੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਮ ਰਾਜ ਦਾ ਅਸਲ ਆਧਾਰ ਪ੍ਰਭੂ ਸ੍ਰੀ ਰਾਮ ਖ਼ੁਦ ਸਨ, ਜੋ ਆਪਣੀ ਪਰਜਾ ਦੇ ਹਰ ਸਾਧਾਰਨ ਵਿਅਕਤੀ ਦੇ ਹਿਤਾਂ ਦਾ ਬਰਾਬਰ ਧਿਆਨ ਰੱਖਦੇ ਸਨ | ਉਨ੍ਹਾਂ ਸਪਸ਼ਟ ਕੀਤਾ ਕਿ ਮਹਾਂਪੁਰਸ਼ਾਂ ਅਨੁਸਾਰ ਰਾਜੇ ਦਾ ਬ੍ਰਹਮ-ਗਿਆਨੀ ਹੋਣਾ ਲਾਜ਼ਮੀ ਹੈ | ਅਜੋਕੇ ਸਮੇਂ ਵਿਚ ਰਾਮ ਰਾਜ ਦੀ ਕਲਪਨਾ ਤਾਂ ਹੀ ਸਾਕਾਰ ਹੋ ਸਕਦੀ ਹੈ ਜੇਕਰ ਅਸੀਂ ਪ੍ਰਭੂ ਸ੍ਰੀ ਰਾਮ ਦੇ ਅਸਲ ਸਰੂਪ ਨੂੰ ਜਾਣੀਏ | ਉਨ੍ਹਾਂ ਦੱਸਿਆ ਕਿ ਪ੍ਰਮਾਤਮਾ ਸਾਡੇ ਹਿਰਦੇ ਵਿਚ ਨਿਵਾਸ ਕਰਦਾ ਹੈ, ਪਰ ਉਸ ਨੂੰ ਸੰਸਾਰਕ ਅੱਖਾਂ ਨਾਲ ਨਹੀਂ ਬਲਕਿ 'ਦਿਵਯ ਨੇਤਰ' ਰਾਹੀਂ ਹੀ ਦੇਖਿਆ ਜਾ ਸਕਦਾ ਹੈ | ਕਥਾ ਦੌਰਾਨ ਸਾਧਵੀ ਅਮਰਾ ਭਾਰਤੀ, ਸਾਧਵੀ ਪ੍ਰੀਤੀ ਭਾਰਤੀ ਅਤੇ ਸਾਧਵੀ ਗੁਰਪ੍ਰੀਤ ਭਾਰਤੀ ਨੇ ਸੁਰੀਲੇ ਭਜਨਾਂ ਦਾ ਗਾਇਣ ਕਰਕੇ ਪੂਰੇ ਵਾਤਾਵਰਨ ਨੂੰ ਭਗਤੀ ਮਈ ਬਣਾ ਦਿੱਤਾ | ਇਸ ਮੌਕੇ ਸਰਪੰਚ ਜਗਦੀਸ਼ ਕੁਮਾਰ, ਗੁਰਜੀਤ ਸਿੰਘ, ਰਾਜਪਾਲ, ਰਾਮਚੰਦਰ ਅਤੇ ਮੱਲੂ ਰਾਮ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |