ਅਬੋਹਰ, 2 ਅਪ੍ਰੈਲ(ਵਿਵੇਕ ਹੂੜੀਆ)-ਅਬੋਹਰ ਦਾ ਸਰਕਾਰੀ ਹਸਪਤਾਲ, ਜੋ ਗ਼ਰੀਬ ਅਤੇ ਲੋੜਵੰਦਾਂ ਦੇ ਇਲਾਜ ਦਾ ਮੁੱਖ ਕੇਂਦਰ ਹੈ, ਹੁਣ ਸੁਰੱਖਿਆ ਦੀ ਘਾਟ ਕਾਰਨ ਚੋਰਾਂ ਦਾ ਅੱਡਾ ਬਣਦਾ ਜਾ ਰਿਹਾ ਹੈ | ਤਾਜ਼ਾ ਮਾਮਲੇ ਵਿਚ ਪਿੰਡ ਤੂਤ ਵਾਲਾ ਦੇ 62 ਸਾਲਾ ਬਜ਼ੁਰਗ ਦੀਵਾਨ ਚੰਦ ਪੁੱਤਰ ਹੁਕਮ ਚੰਦ ਦਾ ਪਰਸ ਦਵਾਈ ਵਾਲੇ ਕਾਊਾਟਰ 'ਤੇ ਭੀੜ ਦਾ ਫ਼ਾਇਦਾ ਚੁੱਕਦਿਆਂ ਕਿਸੇ ਅਣਪਛਾਤੇ ਚੋਰ ਨੇ ਚੋਰੀ ਕਰ ਲਿਆ | ਪੀੜਤ ਦੀਵਾਨ ਚੰਦ ਨੇ ਦੱਸਿਆ ਕਿ ਉਹ ਇਲਾਜ ਕਰਵਾਉਣ ਲਈ ਹਸਪਤਾਲ ਆਇਆ ਸੀ | ਡਾਕਟਰ ਨੂੰ ਦਿਖਾਉਣ ਤੋਂ ਬਾਅਦ ਜਦੋਂ ਉਹ ਦਵਾਈ ਲੈਣ ਲਈ ਕਾਊਾਟਰ ਦੀ ਲੰਬੀ ਲਾਈਨ ਵਿਚ ਖੜ੍ਹਾ ਸੀ ਤਾਂ ਉਸ ਦੀ ਜੇਬ ਕੱਟ ਲਈ ਗਈ | ਜਦੋਂ ਉਹ ਥਕਾਵਟ ਦੂਰ ਕਰਨ ਲਈ ਕੰਟੀਨ ਵਿਚ ਚਾਹ ਪੀਣ ਗਿਆ ਅਤੇ ਪੈਸੇ ਕੱਢਣ ਲੱਗਿਆ ਤਾਂ ਦੇਖਿਆ ਕਿ ਪਰਸ ਗ਼ਾਇਬ ਸੀ | ਉਸ ਦੇ ਪਰਸ ਵਿਚ 300 ਰੁਪਏ ਨਕਦ, ਏ.ਟੀ.ਐਮ. ਕਾਰਡ, ਪੈੱਨ ਕਾਰਡ, ਆਧਾਰ ਕਾਰਡ ਅਤੇ ਵੋਟਰ ਕਾਰਡ ਸਨ | ਬਜ਼ੁਰਗ ਕੋਲ ਘਰ ਵਾਪਸ ਜਾਣ ਲਈ ਕਿਰਾਇਆ ਵੀ ਨਹੀਂ ਬਚਿਆ ਸੀ, ਜਿਸ 'ਤੇ ਕੰਟੀਨ ਸੰਚਾਲਕ ਨੇ ਹਮਦਰਦੀ ਦਿਖਾਉਂਦੇ ਹੋਏ ਉਸ ਨੂੰ ਚਾਹ ਪਿਲਾਈ | ਹਸਪਤਾਲ ਵਿਚ ਮੋਬਾਈਲ ਅਤੇ ਪਰਸ ਚੋਰੀ ਹੋਣ ਦੀਆਂ ਘਟਨਾਵਾਂ ਨਿੱਤ ਦਿਨ ਵਾਪਰ ਰਹੀਆਂ ਹਨ, ਪਰ ਪ੍ਰਸ਼ਾਸਨ ਵਲੋਂ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ ਜਾ ਰਹੇ | ਵਰਤਮਾਨ ਵਿਚ ਹਸਪਤਾਲ 'ਚ ਸਿਰਫ਼ ਇਕ ਮਹਿਲਾ ਪੁਲਿਸ ਮੁਲਾਜ਼ਮ ਤਾਇਨਾਤ ਹੈ, ਜੋ ਕਿ ਭਾਰੀ ਭੀੜ ਦੇ ਹਿਸਾਬ ਨਾਲ ਬਹੁਤ ਘੱਟ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਡਾਕਟਰਾਂ ਦੇ ਸਹਾਇਕਾਂ ਦੀ ਡਿਊਟੀ ਕਮਰਿਆਂ ਦੇ ਬਾਹਰ ਨਿਗਰਾਨੀ ਲਈ ਲਗਾਈ ਜਾਵੇ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ |